ਨਿਊਯਾਰਕ, 10 ਅਪ੍ਰੈਲ । ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਇੱਕ ਹੋਰ ਵੱਡੀ ਜਿੱਤ ਮਿਲੀ ਹੈ। ਭਾਰਤ ਦੀ ਜਗਜੀਤ ਪਵਾਡੀਆ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਦੁਬਾਰਾ ਚੁਣਿਆ ਗਿਆ। ਇਹ ਚੋਣ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੁਆਰਾ ਆਯੋਜਿਤ ਕੀਤੀ ਗਈ। ਇਸ ਨੂੰ ਸਭ ਤੋਂ ਮੁਕਾਬਲੇ ਵਾਲੀ ਚੋਣ ਮੰਨਿਆ ਜਾਂਦਾ ਹੈ। ਪਵਾਡੀਆ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਐਕਸ ਹੈਂਡਲ ਪੋਸਟ ’ਚ ਕਿਹਾ, ”ਅੱਜ ਭਾਰਤ ਦੀ ਉਮੀਦਵਾਰ ਸ਼੍ਰੀਮਤੀ ਜਗਜੀਤ ਪਵਾਡੀਆ ਨੂੰ ਨਿਊਯਾਰਕ ‘ਚ ਹੋਈਆਂ ਚੋਣਾਂ ‘ਚ 2025-2030 ਦੀ ਮਿਆਦ ਲਈ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਦੁਬਾਰਾ ਚੁਣਿਆ ਗਿਆ ਹੈ। ਭਾਰਤ ਨੇ ਬੋਰਡ ਦੇ ਸਾਰੇ ਚੁਣੇ ਗਏ ਮੈਂਬਰ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।” ਜ਼ਿਕਰਯੋਗ ਹੈ ਕਿ ਜਗਜੀਤ ਪਵਾਡੀਆ ਨੇ 2019 ਵਿੱਚ ਵੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਆਪਣੇ ਵਿਰੋਧੀ ਚੀਨ ਦੇ ਹਾਓ ਵੇਈ ਨੂੰ ਹਰਾ ਕੇ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
