ਕਾਠਮੰਡੂ, 10 ਮਈ | ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਰਵੀ ਲਾਮਿਛਾਨੇ ਨੇ ਸੂਰਿਆਦਰਸ਼ਨ ਕੋਆਪਰੇਟਿਵ ਸੋਸਾਇਟੀ ਤੋਂ ਕਰਜ਼ ਦੇ ਰੂਪ ’ਚ ਲਏ 1 ਕਰੋੜ ਰੁਪਏ ਦਾ ਗਲੈਕਸੀ ਟੀਵੀ ਵਿੱਚ ਨਿਵੇਸ਼ ਕੀਤਾ। ਇਸਦੀ ਪੁਸ਼ਟੀ ਹੋ ਗਈ ਹੈ। ਇਸ ਕਾਰਨ ਲਾਮਿਛਾਨੇ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਇਹ ਸੰਸਥਾ 150 ਕਰੋੜ ਰੁਪਏ ਦੇ ਗਬਨ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਹੈ।
ਪੋਖਰਾ ਨਗਰ ਨਿਗਮ ਨੇ ਇਸਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਨਗਰ ਨਿਗਮ ਨੂੰ ਸੌਂਪ ਦਿੱਤੀ ਹੈ। ਨਗਰ ਨਿਗਮ ਨੇ ਕਾਰਵਾਈ ਲਈ ਪੁਲਿਸ ਨੂੰ ਰਿਪੋਰਟ ਸੌਂਪ ਦਿੱਤੀ ਹੈ। ਇਸ ਜਾਂਚ ਕਮੇਟੀ ਨਾਲ ਜੁੜੇ ਦੀਪਕ ਪ੍ਰਸਾਦ ਅਚਾਰੀਆ ਮੁਤਾਬਕ ਜਾਂਚ ਦੌਰਾਨ ਕੁਝ ਅਜਿਹੇ ਦਸਤਾਵੇਜ਼ ਮਿਲੇ ਹਨ, ਜੋ ਸਾਬਤ ਕਰਦੇ ਹਨ ਕਿ ਰਵੀ ਲਾਮਿਛਨੇ ਨੇ ਗੋਰਖਾ ਮੀਡੀਆ ਦੇ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਦੀ ਹੈਸੀਅਤ ਨਾਲ ਇਹ ਕਰਜ਼ਾ ਲਿਆ ਅਤੇ ਇਸਨੂੰ ਗਲੈਕਸੀ ਟੀ.ਵੀ. ‘ਚ ਨਿਵੇਸ਼ ਕੀਤਾ। ਦਸਤਾਵੇਜ਼ਾਂ ਵਿੱਚ ਇਸਦੀ ਪੁਸ਼ਟੀ ਹੋਈ ਹੈ।
ਆਚਾਰੀਆ ਦਾ ਕਹਿਣਾ ਹੈ ਕਿ ਨੇਪਾਲ ਦੇ ਸਹਿਕਾਰੀ ਨਿਯਮਾਂ ਮੁਤਾਬਕ ਅਜਿਹਾ ਕਰਨਾ ਗਲਤ ਹੈ। ਨਾਲ ਹੀ, ਸਹਿਕਾਰੀ ਸੰਸਥਾ ਸਿਰਫ਼ ਆਪਣੇ ਮੈਂਬਰਾਂ ਨੂੰ ਹੀ ਕਰਜ਼ਾ ਦੇ ਸਕਦੀ ਹੈ। ਰਵੀ ਲਾਮਿਛਾਨੇ ਤਾਂ ਇਸਦੇ ਮੈਂਬਰ ਨਹੀਂ ਹਨ। ਦੂਜੇ ਪਾਸੇ ਵਿਰੋਧੀ ਧਿਰ ਨੇ ਇਸ ਲਈ ਸੰਸਦੀ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
