ਤੇਲ ਅਵੀਵ/ਯਰੂਸ਼ਲਮ/ਵਾਸ਼ਿੰਗਟਨ, 21 ਅਕਤੂਬਰ। ਫਿਲੀਸਤੀਨ ਦੇ ਨਾਮੀ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਸ ਮਹੀਨੇ ਦੀ 7 ਤਰੀਕ ਨੂੰ ਇਜ਼ਰਾਈਲ ‘ਤੇ ਕੀਤੇ ਗਏ ਵਹਿਸ਼ੀ ਹਮਲੇ ਤੋਂ ਬਾਅਦ ਗਾਜ਼ਾ ‘ਚ ਮਿਜ਼ਾਈਲਾਂ ਗਰਜ ਰਹੀਆਂ ਹਨ। ਦੋਵਾਂ ਪਾਸਿਆਂ ਤੋਂ ਰਾਕੇਟ ਦਾਗੇ ਜਾ ਰਹੇ ਹਨ। ਇਜ਼ਰਾਈਲ ਦੇ ਆਸ-ਪਾਸ ਸਰਹੱਦ ਪਾਰ ਦੇ ਕੁਝ ਦੇਸ਼ਾਂ ਵਿੱਚ ਜੰਗ ਦੀਆਂ ਲਾਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਹਮਾਸ ਨੇ ਕਤਰ ਦੀ ਵਿਚੋਲਗੀ ਤੋਂ ਬਾਅਦ ਸ਼ੁੱਕਰਵਾਰ ਰਾਤ ਦੋ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ। ਇਹ ਦੋਵੇਂ ਮਾਂ-ਧੀ ਜੂਡਿਥ (59) ਅਤੇ ਨਤਾਲੀ (17) ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਬੰਧਕ ਨੂੰ ਰਿਹਾਅ ਕੀਤਾ ਗਿਆ ਹੈ। ਹਾਲਾਂਕਿ 200 ਲੋਕ ਅਜੇ ਵੀ ਹਮਾਸ ਦੀ ਪਕੜ ‘ਚ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਵੈਸਟ ਬੈਂਕ ਵਿੱਚ ਵੀ ਹਿੰਸਾ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 13 ਫਿਲੀਸਤੀਨੀ ਅਤੇ ਇੱਕ ਇਜ਼ਰਾਈਲੀ ਨਾਗਰਿਕ ਦੀ ਮੌਤ ਹੋ ਗਈ ਹੈ। ਇਜ਼ਰਾਈਲ ਵਿਚ ਰੂਸ ਦੇ ਰਾਜਦੂਤ ਦਾ ਕਹਿਣਾ ਹੈ ਕਿ ਮਾਸਕੋ ਬੰਧਕਾਂ ਦੀ ਰਿਹਾਈ ਲਈ ਹਮਾਸ ਨਾਲ ਗੱਲਬਾਤ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲੀ ਫੌਜ ਨੇ ਪੱਛਮੀ ਕੰਢੇ ਦੇ ਰਾਮੱਲਾ ਸ਼ਹਿਰ ‘ਚ ਇਕ ਆਪਰੇਸ਼ਨ ਦੌਰਾਨ 14 ਫਿਲੀਸਤੀਨੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਉੱਥੇ ਹੀ ਇਜ਼ਰਾਈਲ ਨਾਲ ਲੱਗਦੀ ਸਰਹੱਦ ‘ਤੇ ਝੜਪਾਂ ਕਾਰਨ ਦੱਖਣੀ ਲੇਬਨਾਨ ਦੇ ਪਿੰਡਾਂ ਤੋਂ 4,200 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਾਸ ਨੇ ਜੂਡਿਥ ਅਤੇ ਉਨ੍ਹਾਂ ਦੀ ਧੀ ਨਤਾਲੀ ਨੂੰ ਰੈੱਡ ਕਰਾਸ ਨੂੰ ਸੌਂਪਿਆ। ਇਸ ਤੋਂ ਬਾਅਦ ਰੈੱਡ ਕਰਾਸ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਹਵਾਲੇ ਕਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 10 ਅਮਰੀਕੀ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸਾਰੇ ਬੰਧਕਾਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦੈ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਦੇ ਅਲ-ਕੁਦਸ ਹਸਪਤਾਲ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ‘ਚ ਇਕ ਹਜ਼ਾਰ ਤੋਂ ਵੱਧ ਲੋਕ ਮੌਜੂਦ ਹਨ। ਹਸਪਤਾਲ ਪ੍ਰਸ਼ਾਸਨ ਨੇ ਇਸ ਨੂੰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕੀ ਸੰਸਦ ਨੂੰ 105 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ ਜਾਰੀ ਕਰਨ ਲਈ ਕਿਹਾ ਹੈ। ਇਨ੍ਹਾਂ ਵਿੱਚੋਂ 10.6 ਬਿਲੀਅਨ ਡਾਲਰ ਇਜ਼ਰਾਈਲ ਨੂੰ ਦਿੱਤੇ ਜਾਣਗੇ। 61.4 ਬਿਲੀਅਨ ਡਾਲਰ ਯੂਕ੍ਰੇਨ ਨੂੰ ਹਥਿਆਰਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦ ਲਈ ਦਿੱਤੇ ਜਾਣਗੇ। ਇਸ ਨਾਲ ਇਹ ਜੰਗ ਨਵਾਂ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਹਮਾਸ ਅਤੇ ਹਿਜ਼ਬੁੱਲਾ ਤੋਂ ਬਾਅਦ ਹੁਣ ਯਮਨ ਦੇ ਹੂਤੀ ਬਾਗੀਆਂ ਨੇ ਵੀ ਇਜ਼ਰਾਈਲ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਇਲੀ ਫੌਜ ਨੇ ਅਜੇ ਤੱਕ ਗਾਜ਼ਾ ਪੱਟੀ ਵਿੱਚ ਜ਼ਮੀਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ।
ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਰੱਖਿਆ ਕਮੇਟੀ ਦੀ ਬੈਠਕ ‘ਚ ਕਿਹਾ ਹੈ ਕਿ ਉਨ੍ਹਾਂ ਦੀ ਤਰਜੀਹ ਸਭ ਤੋਂ ਪਹਿਲਾਂ ਗਾਜ਼ਾ ਪੱਟੀ ‘ਚ ਹਮਾਸ ਦੀ ਫੌਜੀ ਸਮਰੱਥਾ ਨੂੰ ਨਸ਼ਟ ਕਰਨਾ ਹੈ। ਇਸ ਤੋਂ ਬਾਅਦ ਜ਼ਮੀਨੀ ਹਮਲਾ ਕੀਤਾ ਜਾਵੇਗਾ। ਇਹ ਯੁੱਧ ਦਾ ਪਹਿਲਾ ਪੜਾਅ ਹੈ। ਹਮਾਸ ਦੇ ਟਿਕਾਣਿਆਂ ਨੂੰ ਹਵਾਈ ਹਮਲਿਆਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ਵਿੱਚ ਹਮਾਸ ਦੇ ਗੁਪਤ ਏਜੰਟਾਂ ਦਾ ਖਾਤਮਾ ਕੀਤਾ ਜਾਵੇਗਾ। ਤੀਜੇ ਪੜਾਅ ਵਿੱਚ, ਗਾਜ਼ਾ ਵਿੱਚ ਇੱਕ ਨਵੀਂ ਸੁਰੱਖਿਆ ਪ੍ਰਣਾਲੀ ਬਣਾਈ ਜਾਵੇਗੀ, ਪਰ ਇਸ ਵਿੱਚ ਇਜ਼ਰਾਈਲ ਦੀ ਕੋਈ ਭੂਮਿਕਾ ਨਹੀਂ ਹੋਵੇਗੀ।
ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗਾਜ਼ਾ ਅਤੇ ਮਿਸਰ ਦੀ ਸਰਹੱਦ ‘ਤੇ ਰਾਫਾ ਸਰਹੱਦ ਕ੍ਰਾਸਿੰਗ ਤੋਂ ਸ਼ੁੱਕਰਵਾਰ ਨੂੰ ਵੀ ਰਾਹਤ ਸਮੱਗਰੀ ਨਾਲ ਭਰੇ ਟਰੱਕ ਗਾਜ਼ਾ ਨਹੀਂ ਪਹੁੰਚ ਸਕੇ। ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਇਸ ‘ਤੇ ਨਾਰਾਜ਼ਗੀ ਜਤਾਈ ਹੈ। ਦੂਜੇ ਪਾਸੇ ਇਜ਼ਰਾਈਲ ਨੇ ਆਪਣੇ ਉੱਤਰੀ ਸ਼ਹਿਰ ਕਿਰਾਯਤ ਸ਼ਮੋਨਾ ਨੂੰ ਖਾਲੀ ਕਰਵਾ ਲਿਆ ਹੈ। ਇਹ ਲੇਬਨਾਨ ਦੀ ਸਰਹੱਦ ਦੇ ਬਹੁਤ ਨੇੜੇ ਹੈ। ਲੇਬਨਾਨ ਤੋਂ ਇਜ਼ਰਾਈਲ ‘ਤੇ ਲਗਾਤਾਰ ਰਾਕੇਟ ਅਤੇ ਮਿਜ਼ਾਈਲ ਹਮਲੇ ਹੋ ਰਹੇ ਹਨ। ਇਸ ਲਈ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਸੀ। ਜੰਗ ਦੀ ਭਿਆਨਕਤਾ ਦੇ ਵਿਚਕਾਰ ਬਿਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਦੇ ਨਾਗਰਿਕਾਂ ਨੂੰ ਨਵੀਆਂ ਸਹੂਲਤਾਂ ਦਿੱਤੀਆਂ ਹਨ। ਉਹ 90 ਦਿਨਾਂ ਲਈ ਬਿਨਾਂ ਵੀਜ਼ਾ ਅਮਰੀਕਾ ਜਾ ਸਕਣਗੇ।
