ਬਰਲਿਨ, 14 ਅਕਤੂਬਰ। ਦੱਖਣੀ ਜਰਮਨੀ ਦੇ ਮਿਊਨਿਖ ਦੇ ਪੂਰਬ ਵੱਲ ਏ-94 ਹਾਈਵੇਅ ‘ਤੇ ਸ਼ੁੱਕਰਵਾਰ ਨੂੰ ਪ੍ਰਵਾਸੀਆਂ ਨਾਲ ਭਰੀ ਵੈਨ ਦੇ ਹਾਦਸਾਗ੍ਰਸਤ ਹੋਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 16 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕ ਛੇ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਹ ਜਾਣਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੈਨ ਓਵਰਲੋਡ ਸੀ। ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਇਸਨੂੰ ਨਜ਼ਰਅੰਦਾਜ਼ ਕਰਦਿਆਂ ਵੈਨ ਦੀ ਰਫ਼ਤਾਰ 180 ਕਿਲੋਮੀਟਰ ਪ੍ਰਤੀ ਘੰਟਾ ਵਧਾ ਦਿੱਤੀ। ਕੁਝ ਸਮੇਂ ਬਾਅਦ ਇਹ ਵੈਨ ਪਲਟ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਵੈਨ ‘ਚ ਸਵਾਰ ਲੋਕ ਸੀਰੀਆ ਅਤੇ ਤੁਰਕੀ ਦੇ ਨਿਵਾਸੀ ਹਨ। ਜ਼ਖ਼ਮੀਆਂ ਵਿੱਚ ਡ੍ਰਾਈਵਰ ਅਤੇ ਆਸਟ੍ਰੀਆ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਸ਼ੱਕੀ ਤਸਕਰ ਸ਼ਾਮਲ ਹੈ। ਉਸਨੂੰ ਰਸਮੀ ਤੌਰ ‘ਤੇ ਹਸਪਤਾਲ ਵਿੱਚ ਹਿਰਾਸਤ ਵਿੱਚ ਲਿਆ ਗਿਆ। ਇਹ ਇੱਕ ਆਸਟ੍ਰੀਅਨ ਰਜਿਸਟ੍ਰਡ ਵੈਨ ਹੈ। ਇਹ ਹਾਈਵੇ ਮਨੁੱਖੀ ਤਸਕਰੀ ਦੇ ਰਸਤੇ ਵਜੋਂ ਬਦਨਾਮ ਹੈ। ਹਾਦਸੇ ਵਾਲੀ ਥਾਂ ਆਸਟ੍ਰੀਆ ਦੀ ਸਰਹੱਦ ਤੋਂ ਸਿਰਫ਼ 50 ਕਿਲੋਮੀਟਰ ਦੂਰ ਹੈ। ਜ਼ਿਆਦਾਤਰ ਪ੍ਰਵਾਸੀ ਇਸੇ ਹਾਈਵੇ ਰਾਹੀਂ ਜਰਮਨੀ ਜਾਂਦੇ ਹਨ।
