ਕਾਬੁਲ, 08 ਅਕਤੂਬਰ। ਪੱਛਮੀ ਅਫਗਾਨਿਸਤਾਨ ‘ਚ 24 ਘੰਟੇ ਪਹਿਲਾਂ ਸ਼ਨੀਵਾਰ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਨਾਲ ਹੇਰਾਤ ਸੂਬਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਹੁਣ ਤੱਕ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੇਸ਼ ਦੀ ਰਾਸ਼ਟਰੀ ਆਫਤ ਅਥਾਰਟੀ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ।
ਮੀਡੀਆ ਰਿਪੋਰਟਾਂ ਵਿਚ ਤਾਲਿਬਾਨ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਪੱਛਮ ਵਿਚ ਇਕ ਸ਼ਕਤੀਸ਼ਾਲੀ ਭੂਚਾਲ ਵਿਚ ਲਗਭਗ 2,000 ਲੋਕ ਮਾਰੇ ਗਏ ਹਨ। ਜ਼ਿਆਦਾਤਰ ਤਬਾਹੀ ਈਰਾਨ ਸਰਹੱਦ ਨੇੜੇ ਹੋਈ ਹੈ। ਲੋਕ ਅਜੇ ਵੀ ਮਲਬੇ ਦੇ ਢੇਰ ‘ਚ ਫਸੇ ਹੋਏ ਹਨ।
ਅਫਗਾਨਿਸਤਾਨ ਦੇ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਿਕਟਰ ਪੈਮਾਨੇ ‘ਤੇ 6.1 ਦੀ ਤੀਬਰਤਾ ਵਾਲਾ ਭੂਚਾਲ ਸਭ ਤੋਂ ਪਹਿਲਾਂ ਸ਼ਨੀਵਾਰ ਦੁਪਹਿਰ 12:11 ਵਜੇ ਆਇਆ। ਇਸ ਤੋਂ ਬਾਅਦ 12:19 ‘ਤੇ 5.6 ਤੀਬਰਤਾ ਦਾ ਭੂਚਾਲ ਆਇਆ ਅਤੇ 12.42 ‘ਤੇ ਤੀਜਾ ਭੂਚਾਲ ਆਇਆ, ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 6.3 ਦਰਜ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਹੇਰਾਤ ਤੋਂ 40 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਦੁਪਹਿਰ 11 ਵਜੇ ਤੋਂ 1 ਵਜੇ ਦੇ ਵਿਚਕਾਰ 4.6 ਤੋਂ 6.3 ਤੀਬਰਤਾ ਦੇ ਕੁੱਲ ਪੰਜ ਝਟਕੇ ਆਏ।
ਮੀਡੀਆ ਰਿਪੋਰਟਾਂ ਮੁਤਾਬਕ ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭੇਜਿਆ ਗਿਆ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਹਜ਼ਾਰਾਂ ਘਰਾਂ ਦੇ ਜ਼ਮੀਂਦੋਜ਼ ਹੋਣ ਦੀ ਸੰਭਾਵਨਾ ਹੈ।
