ਵਾਸ਼ਿੰਗਟਨ ਡੀ.ਸੀ., 02 ਅਕਤੂਬਰ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਕਿਸੇ ਵੀ ਕੀਮਤ ‘ਤੇ ਯੂਕ੍ਰੇਨ ਦਾ ਸਮਰਥਨ ਕਰਨ ਤੋਂ ਪਿੱਛੇ ਨਹੀਂ ਹਟੇਗਾ। ਰਾਸ਼ਟਰਪਤੀ ਨੇ ਐਤਵਾਰ ਨੂੰ ਵ੍ਹਾਈਟ ਹਾਊਸ ‘ਚ ਇਹ ਟਿੱਪਣੀ ਅਮਰੀਕੀ ਕਾਂਗਰਸ ਵਲੋਂ ਸ਼ਟਡਾਊਨ ਸੰਕਟ ‘ਤੇ ਕਾਬੂ ਪਾਉਣ ਲਈ ਥੋੜ੍ਹੇ ਸਮੇਂ ਲਈ ਫੰਡਿੰਗ ਬਿੱਲ ਪਾਸ ਕੀਤੇ ਜਾਣ ਤੋਂ ਤੁਰੰਤ ਬਾਅਦ ਕੀਤੀ। ਮੀਡੀਆ ਨੇ ਆਪਣੀਆਂ ਰਿਪੋਰਟਾਂ ਵਿੱਚ ਇਸ ਸਾਰੀ ਘਟਨਾ ਦੀ ਵਿਸਥਾਰ ਨਾਲ ਚਰਚਾ ਕੀਤੀ ਹੈ।
ਰਿਪੋਰਟ ਦੇ ਅਨੁਸਾਰ, ਬਿਡੇਨ ਨੇ ਕਿਹਾ ਕਿ ਉਹ ਯੂਕ੍ਰੇਨ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਹ ਸਾਡੇ ਸਮਰਥਨ ‘ਤੇ ਭਰੋਸਾ ਕਰ ਸਕਦੇ ਹਨ। ਅਸੀਂ ਪਿੱਛੇ ਨਹੀਂ ਹਟਾਂਗੇ। ਬਿਡੇਨ ਨੇ ਰਿਪਬਲਿਕਨਾਂ ਨੂੰ ਵੀ ਯੂਕ੍ਰੇਨ ਲਈ ਆਪਣੇ ਸਮਰਥਨ ਬਾਰੇ ਬੋਲਣ ਲਈ ਕਿਹਾ ਹੈ। ਬਿਡੇਨ ਨੇ ਕਿਹਾ ਕਿ ਯੂਕ੍ਰੇਨ ਲਈ ਅਮਰੀਕੀ ਸਮਰਥਨ ’ਚ ਕਿਸੇ ਵੀ ਹਾਲਤ ਵਿੱਚ ਅੜਿੱਕਾ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਦ ਦੇ ਸਪੀਕਰ ਕੇਵਿਨ ਮੈਕਕਾਰਥੀ ਯੂਕ੍ਰੇਨ ਨੂੰ ਸਮਰਥਨ ਦੇਣ ਲਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣਗੇ। ਯੂਕ੍ਰੇਨ ਇਸ ਸਮੇਂ ਹਮਲੇ ਅਤੇ ਬੇਰਹਿਮੀ ਵਿਰੁੱਧ ਜੰਗ ਲੜ ਰਿਹਾ ਹੈ।
