ਢਾਕਾ, 06 ਮਾਰਚ । ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੇਲੀ ਰੋਡ ’ਤੇ ਸਥਿਤ ਕਈ ਮਹਿੰਗੇ ਰੈਸਟੋਰੈਂਟਾਂ ‘ਚ ਹਾਲ ਹੀ ‘ਚ ਲੱਗੀ ਭਿਆਨਕ ਅੱਗ ‘ਚ 46 ਲੋਕਾਂ ਦੀ ਮੌਤ ਤੋਂ ਬਾਅਦ ਸਦਮੇ ’ਚ ਆਏ ਪ੍ਰਸ਼ਾਸਨ ਦੀ ਹੁਣ ਨੀਂਦ ਉੱਡ ਗਈ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਜਧਾਨੀ ‘ਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਰੈਸਟੋਰੈਂਟਾਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਜਿਨ੍ਹਾਂ ਹੋਟਲਾਂ ਵਿਚ ਅੱਗ ਬੁਝਾਉਣ ਦੀਆਂ ਸਹੂਲਤਾਂ ਨਹੀਂ ਹਨ, ਉਨ੍ਹਾਂ ਨੂੰ ਸੀਲ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ 92 ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਢਾਕਾ ਟ੍ਰਿਬਿਊਨ ਅਖਬਾਰ ਮੁਤਾਬਕ ਬੇਲੀ ਰੋਡ ਤ੍ਰਾਸਦੀ ਤੋਂ ਬਾਅਦ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਕਾਰਨ ਸ਼ੈੱਫ ਸਮੇਤ ਕਰਮਚਾਰੀ ਦਹਿਸ਼ਤ ਵਿਚ ਹਨ। ਰੋਜ਼ੀ-ਰੋਟੀ ਨੂੰ ਲੈ ਕੇ ਚਿੰਤਾ ’ਚ ਹਨ। ਇਕੱਲੇ ਮੰਗਲਵਾਰ ਨੂੰ ਹੀ, ਰਾਜਧਾਨੀ ਉਨਯਨ ਕਰਤਾਰੀਪੱਖਾ (ਰਾਜੁਕ) ਨੇ ਬੇਲੀ ਰੋਡ ਖੇਤਰ ਦੇ ਚਾਰ ਰੈਸਟੋਰੈਂਟਾਂ ਨੂੰ ਅੱਗ ਸੁਰੱਖਿਆ ਦੇ ਮੁੱਦੇ ‘ਤੇ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਰਾਜਧਾਨੀ ਦੇ ਖਿਲਗਾਓਂ ਇਲਾਕੇ ‘ਚ ਕਈ ਰੈਸਟੋਰੈਂਟਾਂ ਵਾਲੀ ਇਮਾਰਤ ਨੂੰ ਵੀ ਇਸੇ ਆਧਾਰ ‘ਤੇ ਮੰਗਲਵਾਰ ਨੂੰ ਸੀਲ ਕਰ ਦਿੱਤਾ ਗਿਆ।
ਰਾਜਧਾਨੀ ਉਨਯਨ ਕਰਤਾਰੀਪੱਖਾ (ਰਾਜੁਕ), ਫਾਇਰ ਸਰਵਿਸ ਅਤੇ ਸਿਵਲ ਡਿਫੈਂਸ, ਢਾਕਾ ਸਾਊਥ ਸਿਟੀ ਕਾਰਪੋਰੇਸ਼ਨ ਅਤੇ ਪੁਲਿਸ ਦੁਆਰਾ ਸਾਂਝੇ ਛਾਪੇਮਾਰੀ ਦੌਰਾਨ ਸੋਮਵਾਰ ਨੂੰ ਧਨਮੰਡੀ ਵਿੱਚ 22 ਰੈਸਟੋਰੈਂਟਾਂ ਨੂੰ ਸੀਲ ਕੀਤਾ ਗਿਆ। ਸੋਮਵਾਰ ਰਾਤ ਅਤੇ ਮੰਗਲਵਾਰ ਦੁਪਹਿਰ ਦਰਮਿਆਨ ਰਾਜਧਾਨੀ ਦੇ ਕਾਮਰੰਗੀਰਚਰ, ਮੁਹੰਮਦਪੁਰ ਅਤੇ ਵਾਰੀ ਖੇਤਰਾਂ ਵਿੱਚ ਵੱਖ-ਵੱਖ ਛਾਪਿਆਂ ਦੌਰਾਨ 66 ਰੈਸਟੋਰੈਂਟਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਘੱਟੋ-ਘੱਟ 92 ਕਰਮਚਾਰੀਆਂ ਹਿਰਾਸਤ ’ਚ ਲੈ ਲਿਆ ਗਿਆ।
