ਵਾਸ਼ਿੰਗਟਨ, 30 ਸਤੰਬਰ (ਹਿ. ਸ.)। ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ. ਸੀ. ਵਿੱਚ ਇੱਕ ਭਰੀ ਪ੍ਰੈਸ ਕਾਨਫਰੰਸ ਵਿੱਚ ਕੈਨੇਡਾ ਨੂੰ ਝਾੜ ਪਾਈ। ਅੱਤਵਾਦ ਦੇ ਮੁੱਦੇ ‘ਤੇ ਸ਼ੀਸ਼ਾ ਦਿਖਾਇਆ। ਕੈਨੇਡਾ ‘ਚ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਨੂੰ ਲੈ ਕੇ ਮੱਚੀ ਸਰਕਾਰੀ ਅਤੇ ਕੂਟਨੀਤਕ ਉਥਲ-ਪੁਥਲ ‘ਤੇ ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਪਿਛਲੇ ਕੁਝ ਸਾਲਾਂ ਤੋਂ ਅੱਤਵਾਦ, ਕੱਟੜਵਾਦ ਅਤੇ ਹਿੰਸਾ ਦਾ ਬੋਲਬਾਲਾ ਹੈ। ਇਸ ਲਈ ਇਹ ਖਟਾਸ ਹੈ। ਕੈਨੇਡਾ ਨਾਲ ਮੌਜੂਦਾ ਤਣਾਅ ਨੂੰ ਇੱਕ ਤਕਰਾਰ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਮੈਨੂੰ ਇਸ ਨੂੰ ਤਕਰਾਰ ਕਹਿਣਾ ਚਾਹੀਦਾ ਹੈ ਜਾਂ ਨਹੀਂ। ਕਿਉਂਕਿ ਇਸ ਵਾਰ ਕੈਨੇਡਾ ਨੇ ਵੀ ਅਜਿਹਾ ਹੀ ਦੋਸ਼ ਲਾਇਆ ਹੈ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਜੇਕਰ ਕੈਨੇਡਾ ਸਾਡੇ ਨਾਲ ਕੋਈ ਵੀ ਸਬੰਧਿਤ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਅਸੀਂ ਇਸ ‘ਤੇ ਵਿਚਾਰ ਕਰਨ ਲਈ ਤਿਆਰ ਹਾਂ।’
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਜਿਸ ਵਿਅਕਤੀ ਦੀ ਮੌਤ ‘ਤੇ ਕੈਨੇਡਾ ਵੱਲੋਂ ਸੋਗ ਮਨਾਇਆ ਜਾ ਰਿਹਾ ਹੈ, ਉਹ ਭਾਰਤ ‘ਚ ਹਿੰਸਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। ਕੈਨੇਡਾ ਸਰਕਾਰ ਨੇ ਨਿੱਝਰ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਉਸਦੀ ਹਵਾਲਗੀ ਦੀ ਬੇਨਤੀ ‘ਤੇ ਕਦੇ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਸਲ ਵਿੱਚ ਕੈਨੇਡਾ ਦਾ ਵੀਜ਼ਾ ਮੁਅੱਤਲ ਕਰਨਾ ਪਸੰਦ ਨਹੀਂ ਕਰਦਾ ਹੈ, ਪਰ ਕੈਨੇਡਾ ਦੀ ਜ਼ਿੱਦ ਕਾਰਨ ਸਾਨੂੰ ਅਜਿਹਾ ਕਰਨਾ ਪਿਆ।
ਜੈਸ਼ੰਕਰ ਨੇ ਸਪੱਸ਼ਟ ਕਿਹਾ ਕਿ ਕੈਨੇਡੀਅਨ ਪੱਖ ਨੇ ਸਾਡੇ ਲਈ ਚੀਜ਼ਾਂ ਬਹੁਤ ਮੁਸ਼ਕਲ ਕਰ ਦਿੱਤੀਆਂ ਹਨ। ਕੈਨੇਡਾ ਵਿੱਚ ਸਾਡੇ (ਭਾਰਤੀ) ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਾਡੇ ਡਿਪਲੋਮੈਟਾਂ ਨੂੰ ਇਸ ਹੱਦ ਤੱਕ ਪ੍ਰੇਸ਼ਾਨ ਕੀਤਾ ਹੈ ਕਿ ਉਹ ਆਪਣਾ ਕੰਮ ਕਰਨ ਦੇ ਯੋਗ ਵੀ ਨਹੀਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ਅਜੇ ਤੱਕ ਅੱਤਵਾਦੀ ਨਿੱਝਰ ਦੀ ਹੱਤਿਆ ਸਬੰਧੀ ਕਿਸੇ ਵੀ ਦਾਅਵੇ ਦਾ ਸਬੂਤ ਪੇਸ਼ ਨਹੀਂ ਕਰ ਸਕਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਕੈਨੇਡਾ ਵਿੱਚ ਹਿੰਸਾ ਦਾ ਮਾਹੌਲ ਹੈ। ਡਰਾਇਆ-ਧਮਕਾਇਆ ਜਾ ਰਿਹਾ ਹੈ। ਸਾਡਾ ਮਿਸ਼ਨ ਹਮਲੇ ਦੇ ਅਧੀਨ ਹੈ। ਕੌਂਸਲੇਟ ਦੇ ਸਾਹਮਣੇ ਹਿੰਸਾ ਹੋ ਰਹੀ ਹੈ। ਡਿਪਲੋਮੈਟਾਂ ਬਾਰੇ ਪੋਸਟਰ ਲਾਏ ਜਾ ਰਹੇ ਹਨ। ਕੀ ਇਹ ਆਮ ਹੈ ? ਮੰਨ ਲਓ ਜੇ ਇਹ ਸਭ ਕੁਝ ਕਿਸੇ ਹੋਰ ਦੇਸ਼ ਨਾਲ ਵਾਪਰਿਆ ਹੁੰਦਾ, ਤਾਂ ਕੀ ਪ੍ਰਤੀਕਰਮ ਹੋਣਾ ਸੀ? ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਦੀ ਮੌਜੂਦਾ ਸਥਿਤੀ ਨੂੰ ਆਮ ਨਹੀਂ ਕਿਹਾ ਜਾ ਸਕਦਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
