ਸੰਯੁਕਤ ਰਾਸ਼ਟਰ, 20 ਨਵੰਬਰ (ਹਿ.ਸ.)। ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਥੋੜ੍ਹੇ ਸਮੇਂ ਦੀ ਜੰਗਬੰਦੀ ਦੀਆਂ ਕੋਸ਼ਿਸ਼ਾਂ, ਤਣਾਅ ਘਟਾਉਣ ਅਤੇ ਫਿਲਸਤੀਨੀ ਲੋਕਾਂ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਯਤਨਾਂ ਦਾ ਭਾਰਤ ਨੇ ਸੁਆਗਤ ਕੀਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ, ਰਾਜਦੂਤ ਰੁਚਿਰਾ ਕੰਬੋਜ ਨੇ ਗਾਜ਼ਾ ਪੱਟੀ ਵਿੱਚ ਮਨੁੱਖਤਾਵਾਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਲੇਨਰੀ ਸੈਸ਼ਨ ਦੀ ਇੱਕ ਗੈਰ ਰਸਮੀ ਮੀਟਿੰਗ ਵਿੱਚ ਕਿਹਾ ਕਿ ਭਾਰਤੀ ਲੀਡਰਸ਼ਿਪ ਦਾ ਸੰਦੇਸ਼ “ਸਪੱਸ਼ਟ ਅਤੇ ਤਰਕਪੂਰਨ” ਰਿਹਾ ਹੈ।
ਕੰਬੋਜ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਭਾਈਚਾਰੇ ਦੇ ਉਨ੍ਹਾਂ ਸਾਰੇ ਕਦਮਾਂ ਦਾ ਸੁਆਗਤ ਕਰਦਾ ਹੈ ਜੋ ਟਕਰਾਅ ਨੂੰ ਘੱਟ ਕਰਨ ਅਤੇ ਫਿਲਸਤੀਨ ਦੇ ਲੋਕਾਂ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ, ”ਅਸੀਂ ਅੱਤਵਾਦ ਦੇ ਸਾਰੇ ਰੂਪਾਂ ਦਾ ਸਖਤ ਵਿਰੋਧ ਕਰਦੇ ਹਾਂ। ਅਸੀਂ ਸਪੱਸ਼ਟ ਤੌਰ ‘ਤੇ ਹਿੰਸਾ ਦੇ ਵਿਰੁੱਧ ਹਾਂ। ਅਸੀਂ ਇਸ ਪੱਖ ’ਚ ਹਾਂ ਕਿ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਹੋਵੇ , ਤਣਾਅ ਨੂੰ ਹੋਰ ਵਧਣ ਤੋਂ ਰੋਕਿਆ ਜਾਵੇ, ਮਾਨਵਤਾਵਾਦੀ ਸਹਾਇਤਾ ਦਾ ਪ੍ਰਵਾਹ ਜਾਰੀ ਰੱਖਿਆ ਜਾਵੇ, ਸਾਰੇ ਬੰਧਕਾਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਅਤੇ ਸਾਰੀਆਂ ਧਿਰਾਂ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਲਈ ਕੰਮ ਕਰਨ।
ਕੰਬੋਜ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਅਸੀਂ ਜੰਗ ਵਿੱਚ ਮਨੁੱਖੀ ਵਿਰਾਮ ਲਈ ਯਤਨਾਂ ਦਾ ਵੀ ਸਵਾਗਤ ਕਰਦੇ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
