ਢਾਕਾ, 06 ਜਨਵਰੀ (ਹਿ.ਸ.)। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਸ਼ੁੱਕਰਵਾਰ ਦੇਰ ਰਾਤ ਰੇਲ ਗੱਡੀ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਕੀਤੀ ਗਈ ਅੱਗਜ਼ਨੀ ਦਾ ਮਾਮਲਾ ਹੈ। ਇਹ ਘਟਨਾ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਦੋ ਦਿਨ ਪਹਿਲਾਂ ਵਾਪਰੀ ਹੈ ਅਤੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।
ਢਾਕਾ ਟ੍ਰਿਬਿਊਨ ਮੁਤਾਬਕ ਰਾਜਧਾਨੀ ਦੇ ਗੋਪੀਬਾਗ ਇਲਾਕੇ ‘ਚ ਟਰੇਨ ਨੂੰ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਅਸਿਸਟੈਂਟ ਫਾਇਰ ਸਰਵਿਸ ਅਫਸਰ ਰਕੀਬੁਲ ਹਸਨ ਮੁਤਾਬਕ ਸ਼ੁੱਕਰਵਾਰ ਰਾਤ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਅੱਗ ਯਾਤਰੀ ਟਰੇਨ ਬੇਨਾਪੋਲ ਐਕਸਪ੍ਰੈਸ ਦੇ ਚਾਰ ਡੱਬਿਆਂ ਤੱਕ ਫੈਲ ਗਈ ਸੀ। ਇਹ ਟਰੇਨ ਭਾਰਤੀ ਸਰਹੱਦ ਦੇ ਨੇੜੇ ਤੱਟੀ ਸ਼ਹਿਰ ਬੇਨਾਪੋਲ ਤੋਂ ਆ ਰਹੀ ਸੀ। ਅੱਗ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਉਦੋਂ ਲੱਗੀ ਜਦੋਂ ਟਰੇਨ ਢਾਕਾ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਰੇਲਵੇ ਮੁਤਾਬਕ ਟਰੇਨ ‘ਚ 292 ਯਾਤਰੀ ਸਵਾਰ ਸਨ।
ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਸਾਜ਼ਿਸ਼ ਦੇ ਤਹਿਤ ਰੇਲਗੱਡੀ ਨੂੰ ਅੱਗ ਲਗਾਈ ਗਈ। ਢਾਕਾ ਮੈਟਰੋਪੋਲੀਟਨ ਪੁਲਿਸ (ਡੀਐੱਮਪੀ) ਦੇ ਵਧੀਕ ਕਮਿਸ਼ਨਰ ਮਹਿਦੂਦੀਨ ਅਨੁਸਾਰ ਇਹ ਇੱਕ ਯੋਜਨਾਬੱਧ ਹਮਲਾ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਹਮਲਾਵਰ ਕੌਣ ਹਨ ਪਰ ਉਹ ਪੂਰੀ ਤਰ੍ਹਾਂ ਯੋਜਨਾਬੱਧ ਹਨ। ਉਨ੍ਹਾਂ ਕਿਹਾ ਕਿ ਹਮਲਾਵਰ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ। ਇਸ ਤਰ੍ਹਾਂ ਦੀ ਘਟਨਾ ਨੂੰ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਡਰਾਉਣ ਦੇ ਮਕਸਦ ਨਾਲ ਅੰਜਾਮ ਦਿੱਤਾ ਗਿਆ।
ਬੰਗਲਾਦੇਸ਼ ਵਿੱਚ 7 ਜਨਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ, ਮੁੱਖ ਵਿਰੋਧੀ ਪਾਰਟੀ ਬੀਐੱਨਪੀ ਇਹ ਕਹਿੰਦੇ ਹੋਏ ਇਸਦਾ ਬਾਈਕਾਟ ਕਰ ਰਹੀ ਹੈ ਕਿ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਰਹਿਣ ਤੱਕ ਨਿਰਪੱਖ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਵਿਰੋਧੀ ਪਾਰਟੀਆਂ ਨਿਰਪੱਖ ਕੇਅਰਟੇਕਰ ਸਰਕਾਰ ਦੇ ਤਹਿਤ ਆਮ ਚੋਣਾਂ ਦੀ ਮੰਗ ਕਰ ਰਹੀਆਂ ਹਨ, ਜਦੋਂ ਕਿ ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਦੇਸ਼ ਦੇ ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਦੇਸ਼ ਵਿੱਚ ਐਤਵਾਰ 7 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵਿਦੇਸ਼ੀ ਅਬਜ਼ਰਵਰ ਬੰਗਲਾਦੇਸ਼ ਪਹੁੰਚ ਗਏ ਹਨ, ਜਿਨ੍ਹਾਂ ਵਿੱਚ ਭਾਰਤ ਤੋਂ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
