ਇਸਲਾਮਾਬਾਦ, 09 ਜਨਵਰੀ (ਹਿ.ਸ.)। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਮੰਗਲਵਾਰ ਨੂੰ ਲਾਹੌਰ ਹਾਈਕੋਰਟ ਨੂੰ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਾਬਕਾ ਨੇਤਾ ਉਸਮਾਨ ਡਾਰ ਦਾ ਭਰਾ ਉਮਰ ਡਾਰ ਫਿਲਹਾਲ ਸਿਆਲਕੋਟ ਪੁਲਿਸ ਦੀ ਹਿਰਾਸਤ ‘ਚ ਹੈ। ਉਸਮਾਨ ਡਾਰ ਨੇ ਦੋਸ਼ ਲਾਇਆ ਸੀ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਨ੍ਹਾਂ ਦੇ ਭਰਾ ਨੂੰ ਅਗਵਾ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਹੈ। ਡਾਰ ਨੇ ਇਸ ਸਬੰਧ ‘ਚ ਲਾਹੌਰ ਹਾਈਕੋਰਟ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ।
ਸਥਾਨਕ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਲਾਹੌਰ ਹਾਈ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਗੁਲਾਮ ਸਰਵਰ ਨਿਹਾਨ ਸੂਬਾਈ ਸਰਕਾਰ ਦੇ ਵਕੀਲ ਵਜੋਂ ਪੇਸ਼ ਹੋਏ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਮਰ ਡਾਰ ਨੂੰ 8 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਥਾਣਾ ਕੈਂਟ ਵਿੱਚ ਸਿਆਲਕੋਟ ਪੁਲਿਸ ਦੀ ਹਿਰਾਸਤ ਵਿੱਚ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ 30 ਦਸੰਬਰ ਨੂੰ ਦਾਅਵਾ ਕੀਤਾ ਸੀ ਕਿ ਉਮਰ ਨੂੰ ਲਾਹੌਰ ਤੋਂ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪੁਲਿਸ ਨੂੰ 24 ਘੰਟਿਆਂ ਦੇ ਅੰਦਰ ਉਸਨੂੰ ਬਰਾਮਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਿਛਲੇ ਹਫ਼ਤੇ ਹਾਈ ਕੋਰਟ ਨੇ ਉਮਰ ਦੀ ਗ੍ਰਿਫ਼ਤਾਰੀ ਜਾਂ ਨਜ਼ਰਬੰਦੀ ਤੋਂ ਇਨਕਾਰ ਕਰਨ ਵਾਲੀ ਪੰਜਾਬ ਪੁਲਿਸ ਦੀ ਰਿਪੋਰਟ ਨੂੰ ਅਸੰਤੁਸ਼ਟੀਜਨਕ ਦੱਸਦਿਆਂ ਰੱਦ ਕਰ ਦਿੱਤਾ ਸੀ। ਅਗਲੇ ਦਿਨ, ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਡਾਕਟਰ ਉਸਮਾਨ ਅਨਵਰ ਨੂੰ ਕਥਿਤ ਅਗਵਾ ਦੀ ਸੀਸੀਟੀਵੀ ਫੁਟੇਜ ਦੀ ਰੌਸ਼ਨੀ ਵਿੱਚ ਇੱਕ ਤਾਜ਼ਾ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ।
ਅਖਬਾਰ ਦੀ ਰਿਪੋਰਟ ਅਨੁਸਾਰ ਦਸੰਬਰ ਵਿੱਚ ਡਾਰ ਭਰਾਵਾਂ ਦੀ ਮਾਂ ਰੇਹਾਨਾ ਨੇ ਪੀਐਮਐਲ-ਐਨ ਦੇ ਨੇਤਾ ਖਵਾਜਾ ਆਸਿਫ਼ ਅਤੇ ਪੁਲਿਸ ਉੱਤੇ ਉਨ੍ਹਾਂ ਦੇ ਸਿਆਲਕੋਟ ਦੇ ਘਰ ਛਾਪੇਮਾਰੀ ਕਰਨ ਅਤੇ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਸੀ। ਆਸਿਫ਼ ਅਤੇ ਸਿਆਲਕੋਟ ਪੁਲਿਸ ਨੇ ਉਨ੍ਹਾਂ ਦੇ ਦਾਅਵੇ ਦਾ ਖੰਡਨ ਕੀਤਾ ਸੀ। ਜਸਟਿਸ ਅਲੀ ਬਕਰ ਨਜਫੀ ਨੇ ਅੱਜ ਦੀ ਸੁਣਵਾਈ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਅਦਾਲਤ ‘ਚ ਰੇਹਾਨਾ ਅਤੇ ਉਮਰ ਦੀ ਬੇਟੀ ਮੌਜੂਦ ਸਨ। ਉਮਰ ਦੇ ਵਕੀਲ ਅਬੂਜ਼ਰ ਸਲਮਾਨ ਨਿਆਜ਼ੀ ਨੇ ਆਪਣਾ ਪੱਖ ਪੇਸ਼ ਕੀਤਾ।
ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਗੁਲਾਮ ਸਰਵਰ ਨਿਹਾਨ ਨੇ ਹਾਈਕੋਰਟ ਨੂੰ ਦੱਸਿਆ ਕਿ ਉਮਰ ਦਾ ਨਾਮ ਦੋ ਐੱਫ.ਆਈ.ਆਰ. ’ਚ ਨਾਮਜ਼ਦ ਕੀਤਾ ਗਿਆ ਸੀ। ਐੱਫਆਈਆਰ 9 ਮਈ ਦੇ ਹਿੰਸਕ ਦੰਗਿਆਂ ਨਾਲ ਸਬੰਧਤ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦਰਜ ਹੋਈਆਂ।
ਇਸੇ ਦੌਰਾਨ ਹਾਈ ਕੋਰਟ ਨੇ ਚੋਣ ਅਪੀਲੀ ਟ੍ਰਿਬਿਊਨਲ ਵੱਲੋਂ ਐੱਨਏ-71 (ਸਿਆਲਕੋਟ-2) ਹਲਕੇ ਤੋਂ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਖ਼ਿਲਾਫ਼ ਡਾਰ ਭਰਾਵਾਂ ਦੀ ਮਾਂ ਰੇਹਾਨਾ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਐਡਵੋਕੇਟ ਨਿਆਜ਼ੀ ਨੇ ਪੁਸ਼ਟੀ ਕੀਤੀ ਕਿ ਹੁਣ ਉਨ੍ਹਾਂ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲੜਨ ਦੀ ਇਜਾਜ਼ਤ ਮਿਲ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
