ਇਸਲਾਮਾਬਾਦ, 27 ਦਸੰਬਰ (ਹਿ.ਸ.)। ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਹਿੰਦੂ ਮਹਿਲਾ ਡਾ. ਸਵੀਰਾ ਪ੍ਰਕਾਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ। 16ਵੀਂ ਨੈਸ਼ਨਲ ਅਸੈਂਬਲੀ ਲਈ ਅਗਲੇ ਸਾਲ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਪੀਪੀਪੀ ਨੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ ਤੋਂ ਘੱਟ ਗਿਣਤੀ ਭਾਈਚਾਰੇ ਤੋਂ ਡਾ. ਸਵੀਰਾ ਪ੍ਰਕਾਸ਼ ਨੂੰ ਪਹਿਲੀ ਮਹਿਲਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਸਵੀਰਾ ਪ੍ਰਕਾਸ਼ ਨੇ 2022 ਵਿੱਚ ਐਬਟਾਬਾਦ ਇੰਟਰਨੈਸ਼ਨਲ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਪੂਰੀ ਕੀਤੀ। ਉਨ੍ਹਾਂ ਦੇ ਡਾਕਟਰ ਪਿਤਾ ਓਮ ਪ੍ਰਕਾਸ਼ ਹਾਲ ਹੀ ਵਿੱਚ ਸੇਵਾਮੁਕਤ ਹੋਏ ਹਨ। ਉਹ ਪਿਛਲੇ 35 ਸਾਲਾਂ ਤੋਂ ਪਾਰਟੀ ਦੇ ਸਰਗਰਮ ਮੈਂਬਰ ਰਹੇ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਵੀਰਾ ਪ੍ਰਕਾਸ਼ ਨੇ 23 ਦਸੰਬਰ ਨੂੰ ਪੀਕੇ-25 ਜਨਰਲ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਹਾਲ ਹੀ ‘ਚ ਸਿਆਸੀ ਪਾਰਟੀਆਂ ਨੂੰ ਕਿਹਾ ਸੀ ਕਿ ਮਹਿਲਾ ਉਮੀਦਵਾਰਾਂ ਨੂੰ ਪੰਜ ਫੀਸਦੀ ਜਨਰਲ ਸੀਟਾਂ ‘ਤੇ ਉਤਾਰਨਾ ਹੋਵੇਗਾ। ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀਆਂ ਦੀਆਂ 1,085 ਸੀਟਾਂ ਲਈ ਚੋਣਾਂ ਹੋਣਗੀਆਂ। ਨੈਸ਼ਨਲ ਅਸੈਂਬਲੀ ਦੀਆਂ 266 ਸੀਟਾਂ ਲਈ 7,713 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿੱਚੋਂ 471 ਔਰਤਾਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
