ਕਾਠਮਾਂਡੂ, 29 ਦਸੰਬਰ (ਹਿ.ਸ.)। ਨੇਪਾਲ ਦੀ ਸੰਸਦੀ ਕਮੇਟੀ ਨੇ ਹਿੰਦੂ ਧਰਮ ਦੇ ਕੇਂਦਰ ਪਸ਼ੂਪਤੀਨਾਥ ਟੈਂਪਲ ਟਰੱਸਟ ‘ਚ ਇਕ ਈਸਾਈ ਔਰਤ ਦੀ ਨਿਯੁਕਤੀ ‘ਤੇ ਵਿਰੋਧ ਪ੍ਰਗਟਾਇਆ ਹੈ। ਟਰੱਸਟ ਦੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ‘ਤੇ ਹੋਈ ਤਾਜ਼ਾ ਨਿਯੁਕਤੀ ਨੂੰ ਲੈ ਕੇ ਦੇਸ਼ ਭਰ ‘ਚ ਹੰਗਾਮਾ ਹੋ ਰਿਹਾ ਹੈ।
ਹਾਲ ਹੀ ਵਿੱਚ, ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਵੱਲੋਂ ਲਕਸ਼ਮੀ ਪੁਨ ਨਾਮ ਦੀ ਇੱਕ ਔਰਤ ਨੂੰ ਪਸ਼ੂਪਤੀ ਖੇਤਰ ਵਿਕਾਸ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ‘ਤੇ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ। ਮਾਓਵਾਦੀ ਪਾਰਟੀ ਦੇ ਸਰਗਰਮ ਵਰਕਰ ਅਤੇ ਪਾਰਟੀ ਮੈਂਬਰ ਪੁਨ ਦੀ ਨਿਯੁਕਤੀ ਨੂੰ ਲੈ ਕੇ ਪਹਿਲਾਂ ਉਸ ਦੀ ਯੋਗਤਾ ‘ਤੇ ਸਵਾਲ ਉਠਾਏ ਗਏ। ਜਦੋਂ ਸਥਾਨਕ ਮੀਡੀਆ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਲਕਸ਼ਮੀ ਪੁਨ ਇੱਕ ਈਸਾਈ ਹੈ ਤਾਂ ਇਹ ਮਾਮਲਾ ਸੰਸਦੀ ਕਮੇਟੀ ਕੋਲ ਪਹੁੰਚ ਗਿਆ।
ਈਸਾਈ ਧਰਮ ਨੂੰ ਨਾ ਮੰਨਣ ਵਾਲਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇਣ ਵਾਲੇ ਸੱਭਿਆਚਾਰ ਮੰਤਰੀ ਸੂਦਨ ਕਿਰਾਂਤੀ ਅਜੇ ਵੀ ਇਸ ਵਿਵਾਦ ਤੋਂ ਬਾਹਰ ਨਹੀਂ ਨਿਕਲੇ ਸਨ ਕਿ ਪਸ਼ੂਪਤੀਨਾਥ ਟਰੱਸਟ ਵਿੱਚ ਈਸਾਈ ਔਰਤ ਦੀ ਨਿਯੁਕਤੀ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਸੈਰ-ਸਪਾਟਾ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਵਿਚ ਸੰਸਦ ਮੈਂਬਰਾਂ ਨੇ ਹਿੰਦੂਆਂ ਦੇ ਆਸਥਾ ਦੇ ਕੇਂਦਰ ਪਸ਼ੂਪਤੀਨਾਥ ਮੰਦਰ ਟਰੱਸਟ ਵਿਚ ਇਕ ਈਸਾਈ ਔਰਤ ਦੀ ਨਿਯੁਕਤੀ ਦਾ ਨਾ ਸਿਰਫ਼ ਵਿਰੋਧ ਕੀਤਾ, ਸਗੋਂ ਉਸ ਦੀ ਨਿਯੁਕਤੀ ਨਾਲ ਸਬੰਧਤ ਸਾਰੇ ਦਸਤਾਵੇਜ਼ ਸੰਸਦੀ ਕਮੇਟੀ ਵਿਚ ਤਿੰਨ ਦਿਨਾਂ ਦੇ ਅੰਦਰ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸੰਸਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਰਾਜਕਿਸ਼ੋਰ ਯਾਦਵ ਵੱਲੋਂ ਜਾਰੀ ਹਦਾਇਤਾਂ ਵਿੱਚ ਲਕਸ਼ਮੀ ਪੁਨ ਦੀ ਨਿਯੁਕਤੀ ਨਾਲ ਸਬੰਧਤ ਸਾਰੇ ਦਸਤਾਵੇਜ਼ ਤਿੰਨ ਦਿਨਾਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਕਮੇਟੀ ਦੇ ਮੈਂਬਰ ਰਹੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਸੰਸਦ ਮੈਂਬਰ ਡਾ. ਧਵਲ ਸ਼ਮਸ਼ੇਰ ਰਾਣਾ ਨੇ ਦੱਸਿਆ ਕਿ ਜਿਸ ਘਰ ਵਿਚ ਲਕਸ਼ਮੀ ਪੁਨ ਰਹਿੰਦੀ ਹੈ, ਉਸ ਘਰ ਦੀ ਮਾਲਕਣ ਨੇ ਸਥਾਨਕ ਮੀਡੀਆ ਨੂੰ ਈਸਾਈ ਹੋਣ ਅਤੇ ਨਿਯਮਿਤ ਤੌਰ ‘ਤੇ ਚਰਚ ਵਿਚ ਜਾ ਕੇ ਪ੍ਰਾਰਥਨਾ ਕਰਨ ਦਾ ਸਬੂਤ ਦਿੱਤਾ ਹੈ। ਸੰਸਦ ਮੈਂਬਰ ਰਾਣਾ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਟਰੱਸਟ ਵਿੱਚ ਲਕਸ਼ਮੀ ਪੁਨ ਦੀ ਨਿਯੁਕਤੀ ਕਰੋੜਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ‘ਤੇ ਹਮਲਾ ਹੈ।
ਨੇਪਾਲ ਦੇ ਸੱਭਿਆਚਾਰ ਮੰਤਰੀ ‘ਤੇ ਈਸਾਈ ਧਰਮ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਪਤੀਨਾਥ ਟਰੱਸਟ ਤੋਂ ਲੈ ਕੇ ਲੁੰਬੀਨੀ ਟਰੱਸਟ ਤੱਕ ਈਸਾਈਆਂ ਦੀ ਘੁਸਪੈਠ ਕਰਵਾਉਣ ਦਾ ਦੋਸ਼ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
