ਦਾਵੋਸ (ਸਵਿਟਜ਼ਰਲੈਂਡ), 15 ਜਨਵਰੀ (ਹਿ.ਸ.)। ਵਿਸ਼ਵ ਆਰਥਿਕ ਫੋਰਮ (ਡਬਲਯੂਈਐੱਫ) ਦੀ ਪੰਜ ਦਿਨਾਂ ਸਾਲਾਨਾ 54ਵੀਂ ਮੀਟਿੰਗ ਅੱਜ ਇੱਥੇ ਸ਼ੁਰੂ ਹੋਵੇਗੀ। ਇਹ ਬੈਠਕ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਦੁਨੀਆ ਜਲਵਾਯੂ ਪਰਿਵਰਤਨ, ਸੰਘਰਸ਼ ਅਤੇ ਫਰਜ਼ੀ ਖਬਰਾਂ ਵਰਗੇ ਕਈ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਮੀਟਿੰਗ ਵਿੱਚ ਦੁਨੀਆ ਭਰ ਦੇ 2,800 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਇਨ੍ਹਾਂ ਵਿੱਚ 60 ਤੋਂ ਵੱਧ ਦੇਸ਼ਾਂ ਅਤੇ ਸਰਕਾਰਾਂ ਦੇ ਮੁਖੀ ਸ਼ਾਮਲ ਹਨ।
‘ਦਿ ਸਵਿਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਿਸ਼ਵ ਆਰਥਿਕ ਫੋਰਮ ਦੀ ਇਸ ਮੀਟਿੰਗ ’ਚ ਰਾਜਨੀਤੀ, ਵਪਾਰ ਅਤੇ ਸਮਾਜ ਦੇ ਪ੍ਰਮੁੱਖ ਮਹਿਮਾਨ ਯੂਕ੍ਰੇਨ ਅਤੇ ਮੱਧ ਪੂਰਬ ’ਚ ਜੰਗ, ਸੰਭਾਵਿਤ ਨਵੀਂ ਮਹਾਮਾਰੀ, ਜਲਵਾਯੂ ਪਰਿਵਰਤਨ ਅਤੇ ਸਾਈਬਰ ਹਮਲਿਆਂ ਵਰਗੀਆਂ ਚੁਣੌਤੀਆਂ ’ਤੇ ਚਰਚਾ ਕਰਨਗੇ। ਫੋਰਮ ਦੀ ਨਿਵੇਕਲੀ ਮੀਟਿੰਗ ਗ੍ਰੀਸੰਸ ਪਰਬਤ ਰਿਜੋਰਟ ਵਿੱਚ ਹੋਵੇਗੀ। ਗਾਜ਼ਾ ਅਤੇ ਯੂਕ੍ਰੇਨ ਵਿੱਚ ਜੰਗਾਂ ਨੂੰ ਖਤਮ ਕਰਨ ਲਈ ਉੱਚ ਪੱਧਰੀ ਗੱਲਬਾਤ ਇਸ ਮੀਟਿੰਗ ਦੇ ਏਜੰਡੇ ਵਿੱਚ ਸਿਖਰ ‘ਤੇ ਹੈ। ਸਭ ਤੋਂ ਮਹੱਤਵਪੂਰਨ ਮਹਿਮਾਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਹਨ। ਉਨ੍ਹਾਂ ਦੇ ਮੰਗਲਵਾਰ ਨੂੰ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਇਸ ਮੀਟਿੰਗ ‘ਚ ਰੂਸ ਦੇ ਸਹਿਯੋਗੀ ਦੇਸ਼ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਵੀ ਹਿੱਸਾ ਲੈਣਗੇ। ਪੱਛਮ ਨੂੰ ਉਮੀਦ ਹੈ ਕਿ ਇਹ ਬੀਜਿੰਗ ਰਾਹੀਂ ਮਾਸਕੋ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੋਵੇਗਾ।
ਇਸ ਮੀਟਿੰਗ ’ਚ ਭਾਰਤ ਦੀ ਨੁਮਾਇੰਦਗੀ ਤਿੰਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਅਸ਼ਵਿਨੀ ਵੈਸ਼ਨਵ ਅਤੇ ਹਰਦੀਪ ਸਿੰਘ ਪੁਰੀ ਕਰਨਗੇ। ਉਨ੍ਹਾਂ ਨਾਲ ਤਿੰਨ ਰਾਜਾਂ ਦੇ ਮੁੱਖ ਮੰਤਰੀ ਅਤੇ 100 ਤੋਂ ਵੱਧ ਸੀਈਓ ਵੀ ਮੌਜੂਦ ਰਹਿਣਗੇ। ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਯੂਕ੍ਰੇਨ ਲਈ ਸ਼ਾਂਤੀ ਯੋਜਨਾ ‘ਤੇ ਚਰਚਾ ਕਰਨ ਲਈ ਦਾਵੋਸ ਨੇ ਪਹਿਲੀ ਵਾਰ 90 ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ।
ਦਿ ਸਵਿਸ ਟਾਈਮਜ਼ ਦੇ ਅਨੁਸਾਰ ਇੱਕ ਔਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਪ੍ਰਧਾਨ ਬਾਰਜ ਬ੍ਰੇਂਡੇ ਨੇ ਕਿਹਾ ਕਿ ਇਹ ਬੈਠਕ ਸਭ ਤੋਂ ਗੁੰਝਲਦਾਰ ਅਤੇ ਸਭ ਤੋਂ ਚੁਣੌਤੀਪੂਰਨ ਭੂ-ਰਾਜਨੀਤਿਕ ਅਤੇ ਭੂ-ਆਰਥਿਕ ਦ੍ਰਿਸ਼ ਵਿੱਚ ਹੋ ਰਹੀ ਹੈ। ਇਸ ਦੌਰਾਨ ਬ੍ਰੇਂਡੇ ਨੇ ਭਾਰਤ ਨੂੰ ਅੱਠ ਫੀਸਦੀ ਤੋਂ ਵੱਧ ਜੀਡੀਪੀ ਵਾਲਾ ਪ੍ਰਮੁੱਖ ਦੇਸ਼ ਦੱਸਿਆ। ਇਸ ਸਾਲ ਦੀ ਮੀਟਿੰਗ ਦਾ ਵਿਸ਼ਾ ਹੈ- ਰੀਬਿਲਡਿੰਗ ਟਰੱਸਟ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
