ਟੋਕੀਓ, 02 ਜਨਵਰੀ (ਹਿ.ਸ.)। ਜਾਪਾਨ ਦੇ ਹਾਨੇਡਾ ਹਵਾਈ ਅੱਡੇ ‘ਤੇ ਤੱਟ ਰੱਖਿਅਕ ਜਹਾਜ਼ ਨਾਲ ਸਿੱਧੀ ਟੱਕਰ ਤੋਂ ਬਾਅਦ ਜਾਪਾਨ ਏਅਰਲਾਈਨਜ਼ ਦੇ ਜਹਾਜ਼ ‘ਚ ਭਿਆਨਕ ਅੱਗ ਲੱਗ ਗਈ। ਏਅਰਲਾਈਨ ਨੇ ਕਿਹਾ ਕਿ ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਪਰ ਟੱਕਰ ਤੋਂ ਬਾਅਦ ਜਾਪਾਨ ਕੋਸਟ ਗਾਰਡ ਜਹਾਜ਼ ਵਿੱਚ ਸਵਾਰ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਟੋਕੀਓ ਦੇ ਹਾਨੇਡਾ ਹਵਾਈ ਅੱਡੇ ‘ਤੇ ਕੋਸਟ ਗਾਰਡ ਦੇ ਜਹਾਜ਼ ਨਾਲ ਸੰਭਾਵਿਤ ਟੱਕਰ ਤੋਂ ਬਾਅਦ ਜਾਪਾਨ ਏਅਰਲਾਈਨਜ਼ ਦਾ ਇੱਕ ਜੈੱਟ ਅੱਗ ਦੀ ਲਪੇਟ ਵਿੱਚ ਆ ਗਿਆ। ਜਾਪਾਨੀ ਸਮਾਚਾਰ ਏਜੰਸੀ ਐੱਨਐੱਚਕੇ ਮੁਤਾਬਕ ਅੱਗ ਲੱਗਣ ਦੀ ਘਟਨਾ ਲੈਂਡਿੰਗ ਤੋਂ ਬਾਅਦ ਕੋਸਟ ਗਾਰਡ ਦੇ ਜਹਾਜ਼ ਨਾਲ ਟਕਰਾਉਣ ਕਾਰਨ ਸਾਹਮਣੇ ਆਈ ਹੈ। ਜਾਪਾਨ ਕੋਸਟ ਗਾਰਡ ਦੇ ਜਹਾਜ਼ ਵਿਚ ਸਵਾਰ ਪੰਜ ਲੋਕ ਟੱਕਰ ਤੋਂ ਬਾਅਦ ਲਾਪਤਾ ਹਨ। ਇਸ ਜਹਾਜ਼ ‘ਚ 379 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਜਲਦਬਾਜ਼ੀ ‘ਚ ਬਾਹਰ ਕੱਢ ਲਿਆ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਮਿੰਟਾਂ ‘ਚ ਇਸ ਨੇ ਜਹਾਜ਼ ਦੇ ਪਿਛਲੇ ਹਿੱਸੇ ਨੂੰ ਆਪਣੀ ਲਪੇਟ ‘ਚ ਲੈ ਲਿਆ।
ਜਾਪਾਨ ਏਅਰਲਾਈਨਜ਼ ਦਾ ਜਹਾਜ਼ ਲੈਂਡਿੰਗ ਤੋਂ ਬਾਅਦ ਰਨਵੇਅ ਤੋਂ ਟੈਕਸੀਵੇਅ ਵੱਲ ਆ ਗਿਆ ਸੀ ਪਰ ਅੱਗ ਲੱਗਣ ਕਾਰਨ ਪੂਰਾ ਜਹਾਜ਼ ਸੜ ਕੇ ਸੁਆਹ ਹੋ ਗਿਆ। ਘਟਨਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਜਹਾਜ਼ ਦੇ ਅੰਦਰ ਅੱਗ ਫੈਲੀ ਦਿਖਾਈ ਦੇ ਰਹੀ ਹੈ। ਇਹ ਜਹਾਜ਼ ਜਾਪਾਨ ਦੇ ਸ਼ਿਨ ਚਿਟੋਸ ਹਵਾਈ ਅੱਡੇ ਤੋਂ ਉਡਾਣ ਭਰ ਕੇ ਹਾਨੇਡਾ ਪਹੁੰਚਿਆ ਸੀ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਘਟਨਾ ਤੋਂ ਬਾਅਦ ਜਾਪਾਨ ਏਅਰਲਾਈਨਜ਼ ਅਤੇ ਏਅਰਪੋਰਟ ਦੇ ਸੁਰੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
