ਕਾਹਿਰਾ, 22 ਅਕਤੂਬਰ (ਹਿ. ਸ.)। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਮਿਸਰ ਦੀ ਰਾਜਧਾਨੀ ਕਾਹਿਰਾ ‘ਚ ਅਰਬ ਅਤੇ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਬੇਸਿੱਟਾ ਰਹੀ। ਮਿਸਰ ਅਤੇ ਜਾਰਡਨ ਨੇ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ‘ਤੇ ਬੰਬਾਰੀ ਦੇ ਵਿਚਕਾਰ ਕਾਹਿਰਾ ਸੰਮੇਲਨ ‘ਚ ਇਜ਼ਰਾਈਲ ਦੀ ਤਿੱਖੀ ਆਲੋਚਨਾ ਕੀਤੀ। ਯੂਰਪੀ ਦੇਸ਼ਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਹਰ ਕੀਮਤ ‘ਤੇ ਬਚਾਇਆ ਜਾਣਾ ਚਾਹੀਦਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਕਾਹਿਰਾ ਸੰਮੇਲਨ ਵਿੱਚ ਜਾਰਡਨ, ਫਰਾਂਸ, ਜਰਮਨੀ, ਰੂਸ, ਚੀਨ, ਬ੍ਰਿਟੇਨ, ਅਮਰੀਕਾ, ਕਤਰ ਅਤੇ ਦੱਖਣੀ ਅਫਰੀਕਾ, ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਗਾਜ਼ਾ ਦੇ ਮੁੱਦੇ ‘ਤੇ ਪ੍ਰਤੀਨਿਧੀਆਂ ਵਿਚਕਾਰ ਸਹਿਮਤੀ ਦੀ ਘਾਟ ਕਾਰਨ ਸ਼ਾਂਤੀ ਵਾਰਤਾ ਅਸਫਲ ਰਹੀ।
ਮੇਜ਼ਬਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਗਾਜ਼ਾ ਤੋਂ ਸਿਨਾਈ ਪ੍ਰਾਇਦੀਪ ਵਿੱਚ 2.3 ਮਿਲੀਅਨ ਫਿਲੀਸਤੀਨੀਆਂ ਨੂੰ ਭੇਜਣ ਬਾਰੇ ਕਿਸੇ ਵੀ ਗੱਲਬਾਤ ਨੂੰ ਰੱਦ ਕਰ ਦਿੱਤਾ। ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਨੇ ਇਜ਼ਰਾਈਲ ਦੀ ਗਾਜ਼ਾ ਦੀ ਘੇਰਾਬੰਦੀ ਅਤੇ ਬੰਬਾਰੀ ਨੂੰ ਜੰਗੀ ਅਪਰਾਧ ਦੱਸਿਆ ਹੈ। ਅਰਬ ਦੇਸ਼ਾਂ ਦੇ ਨੁਮਾਇੰਦਿਆਂ ਨੇ ਗਾਜ਼ਾ ਦੀ ਸਥਿਤੀ ਲਈ ਇਜ਼ਰਾਈਲ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
