ਕਾਠਮਾਂਡੂ, 22 ਦਸੰਬਰ (ਹਿ.ਸ.)। ਨੇਪਾਲ ਦੀ ਰਾਜਧਾਨੀ ਕਾਠਮਾਂਡੂ ‘ਚ ਨਗਰ ਨਿਗਮ ਨੇ ਕ੍ਰਿਸਮਸ ‘ਤੇ ਸਕੂਲਾਂ ‘ਚ ਹੋਣ ਵਾਲੇ ਸਮਾਗਮਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਨਗਰ ਨਿਗਮ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ। ਇਸ ਤਹਿਤ ਸਕੂਲ ਵਿਦਿਆਰਥੀਆਂ ਨੂੰ ਸਾਂਤਾ ਕਲਾਜ਼ ਦੇ ਕੱਪੜੇ ਪਾ ਕੇ ਆਉਣ ਲਈ ਮਜ਼ਬੂਰ ਨਹੀਂ ਕਰ ਸਕਦੇ। ਨਾ ਹੀ ਮਾਪਿਆਂ ਨੂੰ ਇਸ ਤਰ੍ਹਾਂ ਦਾ ਪਹਿਰਾਵਾ ਖਰੀਦਣ ਲਈ ਮਜ਼ਬੂਰ ਕਰ ਸਕਦੇ ਹਨ।
ਕਾਠਮਾਂਡੂ ਨਗਰ ਨਿਗਮ ਨੇ ਸਕੂਲਾਂ ਦੀਆਂ ਅਜਿਹੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਗਰ ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਕੂਲ ਬੱਚਿਆਂ ਨੂੰ ਕ੍ਰਿਸਮਿਸ ‘ਤੇ ਕੋਈ ਖਾਸ ਪਹਿਰਾਵਾ ਪਹਿਨਣ ਲਈ ਕਹਿੰਦਾ ਹੈ ਜਾਂ ਮਾਪਿਆਂ ਨੂੰ ਅਜਿਹੀ ਡਰੈੱਸ ਖਰੀਦਣ ਲਈ ਕਹਿੰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਕ੍ਰਿਸਮਿਸ ਦੇ ਨਾਮ ‘ਤੇ ਸਕੂਲ ਦੇ ਵਿਹੜੇ ‘ਚ ਬੱਚਿਆਂ ਨੂੰ ਨਕਲੀ ਚਿੱਟੀ ਦਾੜ੍ਹੀ ਅਤੇ ਲਾਲ ਟੋਪੀਆਂ ਜਾਂ ਲਾਲ ਕੱਪੜੇ ਪਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਨਾ ਕਰਵਾਇਆ ਜਾਵੇ। ਵਿਦਿਆਰਥੀਆਂ ਨੂੰ ਸਕੂਲ ਵਿੱਚ ਨਿਰਧਾਰਤ ਪਹਿਰਾਵੇ ਤੋਂ ਇਲਾਵਾ ਕਿਸੇ ਵੀ ਕਿਸਮ ਦਾ ਪਹਿਰਾਵਾ ਪਹਿਨਣ ਦੀ ਹਦਾਇਤ ਦੇਣਾ ਸਜ਼ਾਯੋਗ ਅਪਰਾਧ ਹੋਵੇਗਾ। ਇਸ ਸਬੰਧੀ ਮਹਾਨਗਰ ਸਿੱਖਿਆ ਵਿਭਾਗ ਦੇ ਮੁਖੀ ਸੀਤਾਰਾਮ ਕੋਇਰਾਲਾ ਦੀ ਅਗਵਾਈ ਹੇਠ ਟੀਮ ਵੀ ਬਣਾਈ ਗਈ ਹੈ। ਇਹ ਟੀਮ ਸਾਰੇ ਸਕੂਲਾਂ ਦਾ ਅਚਨਚੇਤ ਨਿਰੀਖਣ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
