ਤੇਲ ਅਵੀਵ, 22 ਨਵੰਬਰ (ਹਿ.ਸ.)। ਇਜ਼ਰਾਈਲ ਦੀ ਸੰਸਦ ਨੇ ਬੁੱਧਵਾਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਇੱਕ ਮਹੱਤਵਪੂਰਨ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। 50 ਇਜ਼ਰਾਈਲੀ ਬੰਧਕਾਂ ਦੀ ਰਿਹਾਈ ਦੇ ਬਦਲੇ ਚਾਰ ਦਿਨ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਜਿਨ੍ਹਾਂ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਉਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਹੋਣਗੇ।
ਇਜ਼ਰਾਈਲ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੂੰ ਚਾਰ ਦਿਨਾਂ ਦੇ ਅੰਦਰ ਗਾਜ਼ਾ ਪੱਟੀ ਵਿੱਚ ਬੰਧਕ ਬਣਾਏ ਗਏ ਕਰੀਬ 240 ਵਿੱਚੋਂ 50 ਨੂੰ ਰਿਹਾਅ ਕਰਨਾ ਹੋਵੇਗਾ। ਬੁੱਧਵਾਰ ਸਵੇਰੇ ਇਸ ਪ੍ਰਸਤਾਵ ‘ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਫਿਰ ਤੋਂ ਹਮਾਸ ਖਿਲਾਫ ਹਮਲਾਵਰ ਮੁਹਿੰਮ ਸ਼ੁਰੂ ਕਰੇਗਾ।
ਹਿਬਰੂ ਮੀਡੀਆ ਮੁਤਾਬਕ ਹਮਾਸ ਜਿਨ੍ਹਾਂ ਬੰਧਕਾਂ ਨੂੰ ਰਿਹਾਅ ਕਰੇਗਾ, ਉਨ੍ਹਾਂ ਵਿੱਚ 30 ਬੱਚੇ ਅਤੇ 20 ਔਰਤਾਂ ਸ਼ਾਮਲ ਹਨ। ਉਹ ਹਰ ਰੋਜ਼ 12-13 ਦੇ ਸਮੂਹਾਂ ਵਿੱਚ ਰਿਹਾਅ ਕੀਤੇ ਜਾਣਗੇ। ਇਜ਼ਰਾਈਲ 10 ਬੰਧਕਾਂ ਦੇ ਹਰੇਕ ਸਮੂਹ ਦੀ ਰਿਹਾਈ ਦੇ ਬਦਲੇ ਇੱਕ ਦਿਨ ਦੀ ਜੰਗਬੰਦੀ ਦੀ ਪੇਸ਼ਕਸ਼ ਕਰੇਗਾ। ਨਿਊਯਾਰਕ ਟਾਈਮਜ਼ ਮੁਤਾਬਕ ਇਸ ਜੰਗਬੰਦੀ ਡਰਾਫਟ ਤਹਿਤ ਇਜ਼ਰਾਈਲ 150 ਫਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕਰੇਗਾ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ।
ਹਾਲਾਂਕਿ ਹਮਾਸ ਨਾਲ ਜੰਗਬੰਦੀ ਨੂੰ ਮਨਜ਼ੂਰੀ ਦੇਣ ਦਾ ਸਖ਼ਤ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਯੇਰੂਸ਼ਲਮ ਪੋਸਟ ਮੁਤਾਬਕ 7 ਅਕਤੂਬਰ ਨੂੰ ਹਮਾਸ ਦੇ ਹਮਲੇ ‘ਚ ਮਾਰੇ ਗਏ ਇਜ਼ਰਾਈਲੀ ਨਾਗਰਿਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੂੰ ਕਿਸੇ ਵੀ ਕੀਮਤ ‘ਤੇ ਛੱਡਿਆ ਨਹੀਂ ਜਾਣਾ ਚਾਹੀਦਾ। ਜੇਕਰ ਅੱਜ ਅਸੀਂ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਾਂ ਤਾਂ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਭਵਿੱਖ ਵਿੱਚ ਸਾਨੂੰ ਨਿਸ਼ਾਨਾ ਨਹੀਂ ਬਣਾਉਣਗੇ?
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
