

ਵਾਸ਼ਿੰਗਟਨ, 23 ਦਸੰਬਰ (ਹਿ.ਸ.)। ਅਮਰੀਕਾ ’ਚ ਖਾਲਿਸਤਾਨ ਸਮਰਥਕ ਸ਼ਰਾਰਤੀ ਅਨਸਰਾਂ ਨੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਤੱਤਾਂ ਨੇ ਇਸ ਮੰਦਰ ਦੀ ਕੰਧ ‘ਤੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਸਮਾਜਿਕ ਤਾਣੇ-ਬਾਣੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਕੈਲੀਫੋਰਨੀਆ ਦੇ ਨੇਵਾਰਕ ਸ਼ਹਿਰ ਦੀ ਹੈ। ਨੇਵਾਰਕ ਪੁਲਿਸ ਨੇ ਘਟਨਾ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ ਹੈ।
ਇਸ ਘਟਨਾ ਨਾਲ ਸਬੰਧਤ ਤਸਵੀਰਾਂ ਹਿੰਦੂ ਅਮਰੀਕਾ ਫਾਊਂਡੇਸ਼ਨ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ‘ਚ ਸਵਾਮੀ ਨਰਾਇਣ ਮੰਦਰ ਦੀਆਂ ਕੰਧਾਂ ‘ਤੇ ਨਾਅਰੇ ਲਿਖੇ ਨਜ਼ਰ ਆ ਰਹੇ ਹਨ। ਇਹ ਨਾਅਰੇ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਲੇ ਸਪਰੇਅ ਪੇਂਟ ਨਾਲ ਲਿਖੇ ਗਏ ਹਨ। ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ‘ਨਫ਼ਰਤੀ ਅਪਰਾਧ’ ਵਜੋਂ ਜਾਂਚ ਕੀਤੀ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਮੰਦਰ ਨਾਲ ਜੁੜੇ ਲੋਕਾਂ ਨੇ ਨੇਵਾਰਕ ਪੁਲਿਸ ਅਤੇ ਨਿਆਂ ਵਿਭਾਗ ਨੂੰ ਸੂਚਨਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ‘ਚ ਖਾਲਿਸਤਾਨ ਸਮਰਥਕਾਂ ਵੱਲੋਂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਅਮਰੀਕਾ ਤੋਂ ਇਲਾਵਾ ਕੈਨੇਡਾ, ਬਰਤਾਨੀਆ ਅਤੇ ਆਸਟ੍ਰੇਲੀਆ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ‘ਚ ਖਾਲਿਸਤਾਨ ਸਮਰਥਕਾਂ ਨੇ ਹਿੰਦੂ ਮੰਦਰ ਦੇ ਮੁੱਖ ਗੇਟ ‘ਤੇ ਪੋਸਟਰ ਚਿਪਕਾ ਕੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਸਮਰਥਨ ਕੀਤਾ ਸੀ।
ਇਸ ਸਾਲ ਜਨਵਰੀ ਵਿੱਚ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਵੀ ਖਾਲਿਸਤਾਨੀ ਸਮਰਥਕਾਂ ਨੇ ਮੰਦਰਾਂ ‘ਤੇ ਨਾਅਰੇ ਲਿਖੇ ਹੋਏ ਸਨ। ਨੇਵਾਰਕ ਘਟਨਾ ‘ਤੇ ਅਮਰੀਕੀ-ਭਾਰਤੀ ਸਿਆਸਤਦਾਨ ਬਰਟ ਠਾਕੁਰ ਨੇ ਐਕਸ ‘ਤੇ ਲਿਖਿਆ ਹੈ-‘ਹਿੰਦੂ ਭਾਈਚਾਰੇ ਦੇ ਭਰਾਵੋ ਅਤੇ ਭੈਣੋ, ਮੈਂ ਨਫ਼ਰਤ ਅਤੇ ਅਸਹਿਣਸ਼ੀਲਤਾ ਦੇ ਪਰਛਾਵੇਂ ਦੇ ਖਿਲਾਫ ਖੜ੍ਹਾ ਹਾਂ। ਨੇਵਾਰਕ, ਕੈਲੀਫੋਰਨੀਆ ਵਿੱਚ ਸਾਡੇ ਪਵਿੱਤਰ ਹਿੰਦੂ ਮੰਦਰ ਦੀ ਬੇਅਦਬੀ, ਸਿਰਫ਼ ਇੱਕ ਇਮਾਰਤ ‘ਤੇ ਹਮਲਾ ਨਹੀਂ ਹੈ, ਇਹ ਸਾਡੀ ਆਤਮਾ ਅਤੇ ਸਾਡੀਆਂ ਕਦਰਾਂ-ਕੀਮਤਾਂ ‘ਤੇ ਹਮਲਾ ਹੈ। ਨਫ਼ਰਤੀ ਅਪਰਾਧ ਸਾਡੇ ਸਮਾਜ ਦੇ ਤਾਣੇ-ਬਾਣੇ ‘ਤੇ ਇੱਕ ਜ਼ਹਿਰੀਲਾ ਧੱਬਾ ਹਨ।’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
