ਮੁੰਬਈ, 04 ਨਵੰਬਰ (ਹਿ. ਸ.)। ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਆਪਣੇ ਅਜੀਬ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਉਸਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ‘ਚ ਦੋ ਮਹਿਲਾ ਪੁਲਿਸ ਕਰਮਚਾਰੀ ਉਸਨੂੰ ਫੜ ਕੇ ਜੀਪ ‘ਚ ਬਿਠਾ ਕੇ ਲੈ ਜਾ ਰਹੇ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਉਰਫੀ ਨੂੰ ਮੁੰਬਈ ਪੁਲਿਸ ਨੇ ਅਜੀਬ ਕੱਪੜੇ ਪਾ ਕੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਹ ਸਾਹਮਣੇ ਆਇਆ ਹੈ ਕਿ ਉਸਦਾ ਵੀਡੀਓ ਫਰਜ਼ੀ ਹੈ। ਮੁੰਬਈ ਪੁਲਿਸ ਨੇ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਫਰਜ਼ੀ ਹੈ। ਪਤਾ ਲੱਗਾ ਹੈ ਕਿ ਉਰਫੀ ਨੇ ਇਹ ਵੀਡੀਓ ਸਿਰਫ ਪ੍ਰਸਿੱਧੀ ਹਾਸਲ ਕਰਨ ਲਈ ਬਣਾਈ ਹੈ। ਹੁਣ ਉਨ੍ਹਾਂ ਦੇ ਇਸ ਫਰਜ਼ੀ ਵੀਡੀਓ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਮੁੰਬਈ ਪੁਲਿਸ ਨੇ ਉਰਫੀ ਜਾਵੇਦ ਅਤੇ ਵੀਡੀਓ ‘ਚ ਨਜ਼ਰ ਆਈਆਂ ਔਰਤਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੰਬਈ ਪੁਲਿਸ ਨੇ ਟਵੀਟ ਕੀਤਾ, ‘ਸਸਤੀ ਪਬਲੀਸਿਟੀ ਲਈ ਕੋਈ ਵੀ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦਾ! ਅਸ਼ਲੀਲਤਾ ਦੇ ਦੋਸ਼ਾਂ ‘ਚ ਮੁੰਬਈ ਪੁਲਿਸ ਵਲੋਂ ਗ੍ਰਿਫਤਾਰ ਕੀਤੀ ਗਈ ਔਰਤ ਦਾ ਵਾਇਰਲ ਵੀਡੀਓ ਸੱਚ ਨਹੀਂ ਹੈ। ਇਸ ਵਿੱਚ ਪੁਲਿਸ ਦੇ ਬੈਜ ਅਤੇ ਵਰਦੀ ਦੀ ਦੁਰਵਰਤੋਂ ਕੀਤੀ ਗਈ ਹੈ।ਗੁੰਮਰਾਹਕੁੰਨ ਵੀਡੀਓ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਧਾਰਾ 171, 419, 500, 34 ਆਈਪੀਸੀ ਦੇ ਤਹਿਤ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡੀਓ ‘ਚ ਨਜ਼ਰ ਆ ਰਹੇ ਫਰਜ਼ੀ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੱਡੀ ਵੀ ਜ਼ਬਤ ਕਰ ਲਈ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
