ਮੁੰਬਈ, ਫਰਵਰੀ : ਅਦਾਕਾਰਾ ਸੁਹਾਨਾ ਖਾਨ ਨੇ ਆਪਣੇ ਪਿਤਾ ਸ਼ਾਹਰੁਖ ਖਾਨ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਅਦਾਕਾਰੀ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਸੁਹਾਨਾ ਨੇ 2023 ‘ਚ ਜ਼ੋਇਆ ਅਖਤਰ ਦੀ ਫਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਸੁਹਾਨਾ ਦੀ ਪਹਿਲੀ ਫਿਲਮ ਨੂੰ ਦਰਸ਼ਕਾਂ ਨੇ ਖਾਸ ਪਸੰਦ ਨਹੀਂ ਕੀਤਾ ਪਰ ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਸਿਰਫ 23 ਸਾਲ ਦੀ ਉਮਰ ‘ਚ ਅਲੀਬਾਗ (ਮਹਾਰਾਸ਼ਟਰ) ‘ਚ ਇਕ ਪਲਾਟ ਖਰੀਦਿਆ ਹੈ।
ਸੁਹਾਨਾ ਨੇ ਅਲੀਬਾਗ ਦੇ ਇਕ ਪਿੰਡ ‘ਚ ਪਲਾਟ ਖਰੀਦਿਆ ਹੈ, ਜੋ ਮੁੰਬਈ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ। ਇਹ ਪਲਾਟ ਲਗਭਗ 78,361 ਵਰਗ ਫੁੱਟ ਹੈ। ਇਸ ਦੀ ਕੀਮਤ ਕਰੀਬ 9.5 ਕਰੋੜ ਰੁਪਏ ਹੈ ਅਤੇ ਫਿਲਹਾਲ ਸੁਹਾਨਾ ਨੇ 57 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਹਾਨਾ ਨੇ ਪ੍ਰਾਪਰਟੀ ‘ਚ ਨਿਵੇਸ਼ ਕੀਤਾ ਹੋਵੇ। ਰਿਪੋਰਟ ਮੁਤਾਬਕ ਸੁਹਾਨਾ ਨੇ ਜੂਨ 2023 ‘ਚ 1.5 ਏਕੜ ਖੇਤੀ ਵਾਲੀ ਜ਼ਮੀਨ ਖਰੀਦੀ ਸੀ। ਸੁਹਾਨਾ ਨੇ ਰਾਏਗੜ੍ਹ ਦੇ ਅਲੀਬਾਗ ‘ਚ ਇਹ ਖੇਤੀ ਵਾਲੀ ਜ਼ਮੀਨ ਕਰੀਬ 12.91 ਕਰੋੜ ਰੁਪਏ ‘ਚ ਖਰੀਦੀ ਹੈ। ਕੁਝ ਮਹੀਨਿਆਂ ਬਾਅਦ ਹੁਣ ਉਸਨੇ ਪਲਾਟ ਖਰੀਦ ਲਿਆ ਹੈ।
ਸੁਹਾਨਾ ਤੋਂ ਪਹਿਲਾਂ ਸ਼ਾਹਰੁਖ ਨੇ ਵੀ ਅਲੀਬਾਗ ਵਿੱਚ ਇੱਕ ਵਿਲਾ ਖਰੀਦਿਆ ਸੀ। ਉਨ੍ਹਾਂ ਦਾ ਵਿਲਾ ਸਮੁੰਦਰ ਦੇ ਨੇੜੇ ਹੈ ਅਤੇ ਉਸ ’ਚ ਹੈਲੀਪੈਡ, ਸਵੀਮਿੰਗ ਪੂਲ ਵਰਗੀਆਂ ਸਹੂਲਤਾਂ ਹਨ। ਉਨ੍ਹਾਂ ਦਾ ਵਿਲਾ 20 ਹਜ਼ਾਰ ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ। ਕਈ ਮਸ਼ਹੂਰ ਹਸਤੀਆਂ ਪਹਿਲਾਂ ਹੀ ਅਲੀਬਾਗ ਵਿੱਚ ਜਾਇਦਾਦ ਖਰੀਦ ਚੁੱਕੀਆਂ ਹਨ। ਅਲੀਬਾਗ ਦਿਨੋਂ-ਦਿਨ ਮਸ਼ਹੂਰ ਹਸਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਰਣਵੀਰ ਸਿੰਘ-ਦੀਪਿਕਾ ਪਾਦੁਕੋਣ ਨੇ ਵੀ ਅਲੀਬਾਗ ‘ਚ ਜਾਇਦਾਦ ਖਰੀਦੀ ਹੈ।
