ਮੁੰਬਈ, 18 ਫਰਵਰੀ। ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ 17 ਫਰਵਰੀ ਨੂੰ ਦਿੱਲੀ ‘ਚ ਦਿਹਾਂਤ ਹੋ ਗਿਆ ਸੀ। ਉਹ ਸਿਰਫ਼ 19 ਸਾਲਾਂ ਦੀ ਸੀ। ਅਭਿਨੇਤਰੀ ਦੀ ਅਚਾਨਕ ਮੌਤ ਉਸਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਡੂੰਘੇ ਸਦਮੇ ਵਜੋਂ ਆਈ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਸੁਹਾਨੀ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਨੇ ਕੀਤੀ ਹੈ। ਇਸ ਤੋਂ ਇਲਾਵਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਦੇ ਮਾਤਾ-ਪਿਤਾ ਨੇ ਸੁਹਾਨੀ ਦੇ ਨਾਲ ਕੀ ਹੋਇਆ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਸੁਹਾਨੀ ਦੇ ਪਿਤਾ ਨੇ ਕਿਹਾ, ‘ਦੋ ਮਹੀਨੇ ਪਹਿਲਾਂ ਉਸ ਦੇ ਹੱਥ ‘ਚ ਸੋਜ ਸ਼ੁਰੂ ਹੋ ਗਈ ਸੀ। ਪਹਿਲਾਂ ਤਾਂ ਅਸੀਂ ਸੋਚਿਆ ਕਿ ਇਹ ਚੀਜ਼ਾਂ ਬਹੁਤ ਸਾਧਾਰਨ ਹਨ ਪਰ ਆਖਰਕਾਰ ਉਸਦੀ ਦੂਜੀ ਬਾਂਹ ‘ਤੇ ਵੀ ਉਹੀ ਸੋਜ ਦਿਖਾਈ ਦੇਣ ਲੱਗੀ। ਇਸ ਤੋਂ ਬਾਅਦ ਸੋਜ ਪੂਰੇ ਸਰੀਰ ਵਿੱਚ ਫੈਲ ਗਈ। ਕਈ ਡਾਕਟਰਾਂ ਨਾਲ ਸਲਾਹ ਕਰਨ ਦੇ ਬਾਵਜੂਦ ਕੋਈ ਵੀ ਬਿਮਾਰੀ ਦਾ ਪਤਾ ਨਹੀਂ ਲਗਾ ਸਕਿਆ। ਆਖਰਕਾਰ, 11 ਦਿਨ ਪਹਿਲਾਂ, ਅਸੀਂ ਉਸਨੂੰ ਏਮਜ਼ ਵਿੱਚ ਦਾਖਲ ਕਰਵਾਇਆ।
ਸੁਹਾਨੀ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ, ਉਸ ‘ਤੇ ਕਈ ਟੈਸਟ ਕਰਵਾਏ ਗਏ। ਇਸ ਤੋਂ ਪਤਾ ਲੱਗਾ ਕਿ ਉਹ ਡਰਮਾਟੋਮਾਇਓਸਾਈਟਿਸ ਨਾਮਕ ਦੁਰਲੱਭ ਬੀਮਾਰੀ ਤੋਂ ਪੀੜਤ ਸੀ। ਇਸ ਬੀਮਾਰੀ ਦਾ ਇੱਕੋ-ਇੱਕ ਇਲਾਜ ਸਟੀਰੌਇਡ ਹੈ। ਪਰ ਇਨ੍ਹਾਂ ਸਟੀਰੌਇਡਜ਼ ਨੇ ਉਸਦੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਦਿਨ-ਬ-ਦਿਨ ਕਮਜ਼ੋਰ ਹੋ ਗਈ।”
ਸੁਹਾਨੀ ਦੇ ਪਿਤਾ ਨੇ ਕਿਹਾ, ਡਾਕਟਰਾਂ ਦੇ ਅਨੁਸਾਰ, ਇਸ ਬਿਮਾਰੀ ਤੋਂ ਠੀਕ ਹੋਣ ਵਿੱਚ ਲੰਬਾ ਸਮਾਂ ਲੱਗਦਾ ਹੈ। ਹਾਲਾਂਕਿ, ਕਮਜ਼ੋਰ ਇਮਿਊਨਿਟੀ ਦੇ ਕਾਰਨ, ਸੁਹਾਨੀ ਦੀ ਇਨਫੈਕਸ਼ਨ ਵਧ ਗਈ ਸੀ। ਉਸਦੇ ਫੇਫੜੇ ਕਮਜ਼ੋਰ ਹੋ ਗਏ। ਇਸ ਕਾਰਨ ਪੂਰੇ ਸਰੀਰ ਵਿੱਚ ਤਰਲ ਇਕੱਠਾ ਹੋਣ ਕਾਰਨ ਉਸਨੂੰ ਸਾਹ ਲੈਣ ਮੁਸ਼ਕਲ ਹੋਣ ਲੱਗੀ। ਆਖਰਕਾਰ, 16 ਫਰਵਰੀ ਨੂੰ ਉਹ ਇਸ ਸੰਸਾਰ ਨੂੰ ਛੱਡ ਗਈ।’’
ਸੁਹਾਨੀ ਬਚਪਨ ਤੋਂ ਹੀ ਮਾਡਲਿੰਗ ‘ਚ ਸਰਗਰਮ ਸੀ। ਕਰੀਬ 25 ਹਜ਼ਾਰ ਬੱਚਿਆਂ ‘ਚੋਂ ‘ਦੰਗਲ’ ਲਈ ਉਸਨੂੰ ਚੁਣਿਆ ਗਿਆ ਸੀ। ਉਹ ਬਚਪਨ ਤੋਂ ਹੀ ਕੈਮਰਾ ਫ੍ਰੈਂਡਲੀ ਸੀ। ਫਿਲਹਾਲ ਸੁਹਾਨੀ ਮਾਸ ਕਮਿਊਨੀਕੇਸ਼ਨ-ਜਰਨਲਿਜ਼ਮ ਦਾ ਕੋਰਸ ਕਰ ਰਹੀ ਸੀ ਅਤੇ ਦੂਜੇ ਸਾਲ ‘ਚ ਸੀ। ਸੁਹਾਨੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਸੀ।
ਇਸ ਦੌਰਾਨ ਸੁਹਾਨੀ ਇੰਸਟਾਗ੍ਰਾਮ ‘ਤੇ ਜ਼ਿਆਦਾ ਐਕਟਿਵ ਨਹੀਂ ਸੀ। ਉਸਦੀ ਆਖਰੀ ਇੰਸਟਾਗ੍ਰਾਮ ਪੋਸਟ ਨਵੰਬਰ 2021 ਦੀ ਹੈ। ‘ਦੰਗਲ’ ਤੋਂ ਬਾਅਦ ਅਦਾਕਾਰਾ ਨੇ ਫਿਲਮ ਇੰਡਸਟਰੀ ਤੋਂ ਬ੍ਰੇਕ ਲੈ ਲਿਆ। ਉਸਨੇ ਆਪਣੀ ਪੜ੍ਹਾਈ ‘ਤੇ ਧਿਆਨ ਦੇਣ ਲਈ ਫਿਲਮਾਂ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਉਸਨੇ ਕਈ ਇੰਟਰਵਿਊਆਂ ਵਿੱਚ ਕਿਹਾ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਨੋਰੰਜਨ ਦੀ ਦੁਨੀਆ ਵੱਲ ਮੁੜੇਗੀ।
