ਮੁੰਬਈ, 22 ਨਵੰਬਰ (ਹਿ. ਸ.)। ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨਾਲ ਸੁਪਰਹਿੱਟ ਫਿਲਮ ਦੇਣ ਵਾਲੇ ਸੰਨੀ ਦਿਓਲ ਦੇ ਰਿਸ਼ਤਿਆਂ ‘ਚ ਆਈ ਖਟਾਸ ਤੋਂ ਬਾਅਦ ਹੁਣ ਉਹ ਫਿਰ ਤੋਂ ਦੋਸਤ ਬਣ ਗਏ ਹਨ। ਜਲਦ ਹੀ ਰਾਜਕੁਮਾਰ ਸੰਤੋਸ਼ੀ ਸੰਨੀ ਦਿਓਲ ਨਾਲ ਨਵੀਂ ਫਿਲਮ ਲੈ ਕੇ ਆਉਣਗੇ। ਚਰਚਾ ਹੈ ਕਿ ਇਸ ਫਿਲਮ ‘ਚ ਸੰਨੀ ਦੇ ਨਾਲ ਆਮਿਰ ਖਾਨ ਵੀ ਮੁੱਖ ਭੂਮਿਕਾ ਨਿਭਾਉਣਗੇ।
ਸੰਨੀ ਦਿਓਲ ਨੇ ਹਾਲ ਹੀ ਵਿੱਚ ਗੋਆ ਵਿੱਚ 54ਵੇਂ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਇੰਡਸਟਰੀ ‘ਚ ਆਪਣੇ ਸਫਰ ‘ਤੇ ਟਿੱਪਣੀ ਕੀਤੀ। ਇਸ ਫੈਸਟੀਵਲ ‘ਚ ਨਿਰਮਾਤਾ ਅਤੇ ਨਿਰਦੇਸ਼ਕ ਰਾਹੁਲ ਰਾਵੇਲ ਵੀ ਮੌਜੂਦ ਸਨ। ਸੰਨੀ ਨੇ ਰਾਹੁਲ ਨਾਲ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। ਇਸ ਬਾਰੇ ਗੱਲ ਕਰਦੇ ਹੋਏ ਸੰਨੀ ਨੇ ਕਿਹਾ, ”ਮੈਂ ਰਾਹੁਲ ਦੇ ਨਾਲ ਆਪਣੇ ਸਫਰ ਦੀ ਸ਼ੁਰੂਆਤ ਕਰਕੇ ਬਹੁਤ ਭਾਗਸ਼ਾਲੀ ਮਹਿਸੂਸ ਕਰਦਾ ਹਾਂ। ਉਨ੍ਹਾਂ ਨੇ ਮੈਨੂੰ 3 ਸ਼ਾਨਦਾਰ ਫਿਲਮਾਂ ਦਿੱਤੀਆਂ, ਜਿਨ੍ਹਾਂ ‘ਚੋਂ ਕੁਝ ਚੱਲੀਆਂ ਅਤੇ ਕੁਝ ਫਲਾਪ ਰਹੀਆਂ ਪਰ ਦਰਸ਼ਕ ਉਨ੍ਹਾਂ ਫਿਲਮਾਂ ਨੂੰ ਅੱਜ ਵੀ ਯਾਦ ਕਰਦੇ ਹਨ। ਮੇਰੀਆਂ ਫਿਲਮਾਂ ਦੀ ਬਦੌਲਤ ਹੀ ਅੱਜ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ।
ਇਸ ਈਵੈਂਟ ‘ਚ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਵੀ ਮੌਜੂਦ ਸਨ। ਰਾਜਕੁਮਾਰ ਸੰਤੋਸ਼ੀ ਨੇ ਸੰਨੀ ਦੇ ਨਾਲ ਦਾਮਿਨੀ, ਘਾਤਕ, ਘਾਇਲ ਵਰਗੀਆਂ ਸ਼ਾਨਦਾਰ ਅਤੇ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਸੰਨੀ ‘ਤੇ ਵੀ ਟਿੱਪਣੀ ਕੀਤੀ। ਰਾਜਕੁਮਾਰ ਸੰਤੋਸ਼ੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਫਿਲਮ ਇੰਡਸਟਰੀ ਨੇ ਸੰਨੀ ਦਿਓਲ ਦੇ ਗੁਣਾਂ ਦੀ ਕਦਰ ਨਹੀਂ ਕੀਤੀ, ਪਰ ਪ੍ਰਮਾਤਮਾ ਨੇ ਉਨ੍ਹਾਂ ਦੀ ਕਲਾ ਨੂੰ ਬਣਦਾ ਇਨਸਾਫ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
