ਮੁੰਬਈ, 14 ਨਵੰਬਰ (ਹਿ. ਸ.)। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ‘ਟਾਈਗਰ 3’ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ‘ਏਕ ਥਾ ਟਾਈਗਰ’ ਅਤੇ ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਸਲਮਾਨ ਅਤੇ ਕੈਟਰੀਨਾ ਦੀ ਜਾਸੂਸੀ ਫਿਲਮ ਦਾ ਤੀਜਾ ਭਾਗ ਦੀਵਾਲੀ ‘ਤੇ ਰਿਲੀਜ਼ ਹੋਇਆ ਸੀ। ਐਤਵਾਰ 12 ਨਵੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਹੁਣ ਦੂਜੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।
‘ਟਾਈਗਰ-3’ ਨੇ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਜ਼ਿਆਦਾ ਕਮਾਈ ਕੀਤੀ ਹੈ। ਵੀਕਡੇਅ ਭਾਵ ਸੋਮਵਾਰ ਹੋਣ ਦੇ ਬਾਵਜੂਦ, ਫਿਲਮ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਲੈਕਸ਼ਨ ਕੀਤੀ ਹੈ। ਫਿਲਮ ਨੇ ਸਿਰਫ ਦੋ ਦਿਨਾਂ ‘ਚ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ‘ਟਾਈਗਰ-3’ ਸਲਮਾਨ ਖਾਨ ਦੀ ਸਭ ਤੋਂ ਜ਼ਿਆਦਾ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਦੇ ਕਲੈਕਸ਼ਨ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਹਰੁਖ ਖਾਨ ਤੋਂ ਬਾਅਦ ਸਲਮਾਨ ਨੇ ਵੀ ਜ਼ਬਰਦਸਤ ਵਾਪਸੀ ਕੀਤੀ ਹੈ।
ਰਿਲੀਜ਼ ਦੇ ਪਹਿਲੇ ਦਿਨ 44.50 ਕਰੋੜ ਰੁਪਏ ਦਾ ਬੰਪਰ ਕਲੈਕਸ਼ਨ ਕਰਨ ਤੋਂ ਬਾਅਦ ਹੁਣ ‘ਟਾਈਗਰ-3’ ਦੇ ਦੂਜੇ ਦਿਨ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ‘ਟਾਈਗਰ-3’ ਨੇ ਦੂਜੇ ਦਿਨ 57.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਦੀ ਕੁੱਲ ਕਮਾਈ ਹੁਣ ਸਿਰਫ ਦੋ ਦਿਨਾਂ ਵਿੱਚ 102 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
