ਮੁੰਬਈ, 03 ਦਸੰਬਰ (ਹਿ. ਸ.)। ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਜੂਨੀਅਰ ਮਹਿਮੂਦ ਕੈਂਸਰ ਨਾਲ ਜੂਝ ਰਹੇ ਹਨ। ਉਨ੍ਹਾਂ ਦਾ ਕੈਂਸਰ ਆਖਰੀ ਸਟੇਜ ਭਾਵ ਚੌਥੀ ਸਟੇਜ ‘ਤੇ ਪਹੁੰਚ ਗਿਆ ਹੈ। ਨਵੰਬਰ ਵਿਚ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਾ ਸੀ। ਜੂਨੀਅਰ ਮਹਿਮੂਦ (67) ਨੂੰ ‘ਕਟੀ ਪਤੰਗ’ ਅਤੇ ‘ਆਨ ਮਿਲੋ ਸਜਨਾ’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕਾਮੇਡੀਅਨ ਅਤੇ ਐਕਟਰ ਜੌਨੀ ਲੀਵਰ ਨੇ ਜੂਨੀਅਰ ਮਹਿਮੂਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ।
ਅਦਾਕਾਰ ਜੌਨੀ ਲੀਵਰ ਨੇ ਜੂਨੀਅਰ ਮਹਿਮੂਦ ਨਾਲ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਹਨ। ਮੁਲਾਕਾਤ ਤੋਂ ਬਾਅਦ ਜੌਨੀ ਲੀਵਰ ਨੇ ਕਿਹਾ, ”ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੈ।” ਜੂਨੀਅਰ ਮਹਿਮੂਦ ਦੀ ਸਿਹਤ ਬਾਰੇ ਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜ਼ੀ ਨੇ ਮੀਡੀਆ ਨੂੰ ਦੱਸਿਆ, ”ਜੂਨੀਅਰ ਮਹਿਮੂਦ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਫਿਰ ਅਚਾਨਕ ਉਨ੍ਹਾਂ ਦਾ ਭਾਰ ਘਟਣ ਲੱਗਾ। ਅਤੇ ਫਿਰ ਕੈਂਸਰ ਦਾ ਪਤਾ ਲੱਗਿਆ।
ਜਿਵੇਂ ਹੀ ਅਭਿਨੇਤਾ ਜੌਨੀ ਲੀਵਰ ਨੂੰ ਜੂਨੀਅਰ ਮਹਿਮੂਦ ਦੀ ਬੀਮਾਰੀ ਦੀ ਖਬਰ ਮਿਲੀ ਤਾਂ ਉਹ ਜੂਨੀਅਰ ਮਹਿਮੂਦ ਨੂੰ ਮਿਲਣ ਗਏ। ਸਲਾਮ ਕਾਜ਼ੀ ਅਤੇ ਜੂਨੀਅਰ ਮਹਿਮੂਦ ਪਿਛਲੇ 15 ਸਾਲਾਂ ਤੋਂ ਦੋਸਤ ਹਨ। ਜੂਨੀਅਰ ਮਹਿਮੂਦ ਦਾ ਹੁਣ ਆਪਣੇ ਘਰ ‘ਚ ਇਲਾਜ ਚੱਲ ਰਿਹਾ ਹੈ। ਸਲਾਮ ਕਾਜ਼ੀ ਨੇ ਕਿਹਾ, ਜਦੋਂ ਜੂਨੀਅਰ ਮਹਿਮੂਦ ਦੀ ਮੈਡੀਕਲ ਰਿਪੋਰਟ ਆਈ ਤਾਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਜਿਗਰ ਅਤੇ ਫੇਫੜਿਆਂ ਵਿੱਚ ਕੈਂਸਰ, ਅੰਤੜੀ ਵਿੱਚ ਟਿਊਮਰ ਅਤੇ ਪੀਲੀਆ ਵੀ ਹੈ। ਇਸ ਲਈ ਇਲਾਜ ਚੱਲ ਰਿਹਾ ਹੈ ਪਰ ਡਾਕਟਰ ਨੇ ਕਿਹਾ ਕਿ ਕੈਂਸਰ ਚੌਥੀ ਸਟੇਜ ‘ਤੇ ਹੈ। ਹਾਲਾਂਕਿ ਕੈਂਸਰ ਦਾ ਪਤਾ ਇੱਕ ਮਹੀਨਾ ਪਹਿਲਾਂ ਲੱਗਾ ਸੀ ਪਰ ਇਹ ਚੌਥੇ ਪੜਾਅ ‘ਤੇ ਹੈ। ਡਾਕਟਰਾਂ ਨੇ ਸਾਨੂੰ ਦੱਸਿਆ ਹੈ ਕਿ ਉਸ ਕੋਲ ਹੁਣ ਸਿਰਫ 40 ਦਿਨ ਬਚੇ ਹਨ। ਅਸੀਂ ਸਾਰੇ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
