ਮੁੰਬਈ, 29 ਨਵੰਬਰ (ਹਿ. ਸ.)। ਪਿਛਲੇ ਸਾਲ ਕੰਨੜ ਫਿਲਮਾਂ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਸੀ। ਕੇਜੀਐੱਫ ਚੈਪਟਰ 1 ਅਤੇ 2 ਅਤੇ ਰਿਸ਼ਭ ਸ਼ੈੱਟੀ ਦੀ ‘ਕੰਤਾਰਾ’ ਬਾਕਸ ਆਫਿਸ ‘ਤੇ ਬਲਾਕਬਸਟਰ ਰਹੀਆਂ ਹਨ। 16 ਕਰੋੜ ਰੁਪਏ ਦੇ ਬਜਟ ਨਾਲ ਬਣੀ ‘ਕੰਤਾਰਾ’ ਨੇ ਦੁਨੀਆ ਭਰ ‘ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਫਿਲਮ ਦੇ ਸੀਕਵਲ ਦਾ ਪਹਿਲਾ ਲੁੱਕ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ। ਇਸ ਦੂਜੇ ਭਾਗ ਦੇ ਐਲਾਨ ਦੇ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹਾਲ ਹੀ ‘ਚ ਚੱਲ ਰਹੇ ’54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ’ ‘ਚ ਰਿਸ਼ਭ ਸ਼ੈੱਟੀ ਨੂੰ ‘ਕੰਤਾਰਾ’ ਲਈ ਸਪੈਸ਼ਲ ਜਿਊਰੀ ਐਵਾਰਡ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਰਿਸ਼ਭ ਸ਼ੈੱਟੀ ਦੀ ‘ਕੰਤਾਰਾ’ ਆਈਐੱਫਐੱਫਆਈ ‘ਚ ਐਵਾਰਡ ਜਿੱਤਣ ਵਾਲੀ ਪਹਿਲੀ ਕੰਨੜ ਫਿਲਮ ਬਣ ਗਈ ਹੈ। ਇਸ ਸਬੰਧੀ ਫਿਲਮ ਦੇ ਨਿਰਮਾਤਾਵਾਂ ਨੇ ਵੀ ਇੱਕ ਪੋਸਟ ਸ਼ੇਅਰ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ।
ਹਾਲ ਹੀ ਵਿੱਚ ਰਿਸ਼ਭ ਸ਼ੈੱਟੀ ਨੇ “ਆਈਐੱਫਐੱਫਆਈ 2023” ਵਿੱਚ ਹਿੱਸਾ ਲਿਆ। ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ”ਕੰਤਾਰਾ ਸਾਡੀਆਂ ਜੜ੍ਹਾਂ ਨਾਲ ਜੁੜੀ ਫਿਲਮ ਸੀ, ਇਸ ਲਈ ਇਸ ਨੇ ਲੋਕਾਂ ਨੂੰ ਸਾਡੇ ਵਰਗਾ ਮਹਿਸੂਸ ਕਰਵਾਇਆ। ਫਿਲਮ ਅੱਜ ਜਿਸ ਪੱਧਰ ‘ਤੇ ਹੈ, ਉਹ ਸਿਰਫ ਭਾਰਤੀ ਦਰਸ਼ਕਾਂ ਕਾਰਨ ਹੈ।” ਸ਼ੈੱਟੀ ਨੇ ਇਹ ਵੀ ਟਿੱਪਣੀ ਕੀਤੀ ਕਿ ਖੇਤਰੀ ਫਿਲਮਾਂ ਇਸ ਸਮੇਂ ਭਾਸ਼ਾ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਦੁਨੀਆ ਤੱਕ ਪਹੁੰਚ ਰਹੀਆਂ ਹਨ ਅਤੇ ਧਿਆਨ ’ਚ ਆ ਰਹੀਆਂ ਹਨ।
ਹੁਣ ਦਰਸ਼ਕ ‘ਕੰਤਰਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 16 ਕਰੋੜ ਰੁਪਏ ਦੇ ਬਜਟ ਨਾਲ ਬਣੀ ‘ਕੰਤਰਾ’ ਨੇ 407.82 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਅਤੇ ਇਸਦਾ ਦੂਜਾ ਭਾਗ ਭਾਵ ਪ੍ਰੀਕਵਲ ‘ਕੰਤਾਰਾ ਏ ਲੀਜੈਂਡ – ਚੈਪਟਰ 1’ ਕੰਨੜ, ਤਾਮਿਲ, ਤੇਲਗੂ, ਮਲਿਆਲਮ, ਹਿੰਦੀ, ਬੰਗਾਲੀ ਅਤੇ ਅੰਗਰੇਜ਼ੀ ਵਰਗੀਆਂ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਪਹਿਲੇ ਭਾਗ ਦੀ ਤਰ੍ਹਾਂ ਇਸ ਦਾ ਨਿਰਦੇਸ਼ਨ ਵੀ ਰਿਸ਼ਭ ਸ਼ੈੱਟੀ ਨੇ ਕੀਤਾ ਹੈ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ, ਪਰ ਉਮੀਦ ਹੈ ਕਿ ਇਹ 2024 ਦੇ ਅੰਤ ਤੱਕ ਪਰਦੇ ‘ਤੇ ਆਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
