ਮੁੰਬਈ, 25 ਦਸੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ‘ਚ ਇਕ ਵਾਰ ਫਿਰ ਵਿਆਹ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੇ ਇਸ ਮੌਕੇ ਦੀਆਂ ਦੋ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਪਤਨੀ ਦਾ ਚਿਹਰਾ ਦਿਖਾਇਆ ਹੈ। ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਦੇ ਕੁਝ ਦਿਨਾਂ ਬਾਅਦ ਹੀ ਅਰਬਾਜ਼ ਖਾਨ ਨੇ ਸਿੱਧਾ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਰਬਾਜ਼ ਖਾਨ ਦੀ ਦੂਜੀ ਪਤਨੀ ਦਾ ਨਾਮ ਸ਼ੂਰਾ ਖਾਨ ਹੈ ਅਤੇ ਉਹ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੀ ਮੇਕਅੱਪ ਕਲਾਕਾਰ ਵਜੋਂ ਜਾਣੀ ਜਾਂਦੀ ਹੈ। ਸ਼ੂਰਾ ਨੇ ਹੁਣ ਤੱਕ ਕਈ ਦਿੱਗਜ ਅਤੇ ਮਸ਼ਹੂਰ ਅਦਾਕਾਰਾਂ ਨਾਲ ਕੰਮ ਕੀਤਾ ਹੈ।
ਸਲਮਾਨ-ਅਰਬਾਜ਼ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਨਿਕਾਹ ਦੀ ਰਸਮ ਬਹੁਤ ਧੂਮਧਾਮ ਨਾਲ ਆਯੋਜਿਤ ਕੀਤੀ ਗਈ। ਅਰਬਾਜ਼ ਖਾਨ ਨੇ ਅਭਿਨੇਤਰੀ ਮਲਾਇਕਾ ਅਰੋੜਾ ਤੋਂ ਲਗਭਗ 6 ਸਾਲ ਵੱਖ ਰਹਿਣ ਤੋਂ ਬਾਅਦ ਦੁਬਾਰਾ ਵਿਆਹ ਕਰ ਲਿਆ ਹੈ। ਹੁਣ ਸ਼ੂਰਾ ਖਾਨ ਅਰਬਾਜ਼ ਦੀ ਜ਼ਿੰਦਗੀ ‘ਚ ਉਨ੍ਹਾਂ ਦੀ ਦੂਜੀ ਪਤਨੀ ਦੇ ਰੂਪ ‘ਚ ਆਈ ਹੈ। ਵਿਆਹ ਸਮਾਰੋਹ ‘ਚ ਅਰਬਾਜ਼ ਖਾਨ ਦੇ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਕਈ ਦੋਸਤ ਅਤੇ ਕਰੀਬੀ ਲੋਕ ਸ਼ਾਮਲ ਹੋਏ। ਅਰਬਾਜ਼ ਅਤੇ ਸ਼ੂਰਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ।
ਪਿਛਲੇ ਕੁਝ ਦਿਨਾਂ ਤੋਂ ਅਰਬਾਜ਼ ਖਾਨ ਦੇ ਦੂਜੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ। ਅਰਪਿਤਾ ਦੇ ਘਰ ਐਤਵਾਰ ਰਾਤ ਹੋਏ ਇਸ ਨਿਕਾਹ ਸਮਾਰੋਹ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ ‘ਚ 56 ਸਾਲਾ ਅਰਬਾਜ਼ ਖਾਨ ਸੇਹਰਾ ਪਹਿਨੇ ਲਾੜੇ ਦੇ ਰੂਪ ‘ਚ ਨਜ਼ਰ ਆ ਰਹੇ ਹਨ। ਅਰਬਾਜ਼ ਅਤੇ ਸ਼ੂਰਾ ਦਾ ਵਿਆਹ ਬਿਨਾਂ ਕਿਸੇ ਧੂਮ-ਧਾਮ ਦੇ ਬਹੁਤ ਹੀ ਸਾਦੇ ਢੰਗ ਨਾਲ ਹੋਇਆ।
ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਅਰਬਾਜ਼ ਖਾਨ ਨੇ ਲਿਖਿਆ, ‘ਆਪਣੇ ਪਿਆਰਿਆਂ ਦੀ ਮੌਜੂਦਗੀ ‘ਚ ਮੈਂ ਅਤੇ ਮੇਰੀ ਗਰਲਫ੍ਰੈਂਡ ਅੱਜ ਹਮੇਸ਼ਾ ਲਈ ਇਕ ਹੋ ਗਏ ਹਾਂ। ਇਸ ਖਾਸ ਦਿਨ ‘ਤੇ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਸਾਡੇ ‘ਤੇ ਬਣਿਆ ਰਹੇ।” ਅਰਬਾਜ਼ ਅਤੇ ਸ਼ੂਰਾ ਦੀ ਇਸ ਪੋਸਟ ‘ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਦੇ ਦੋਸਤ ਅਤੇ ਨਜ਼ਦੀਕੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
