ਇੰਫਾਲ, । ਮਣੀਪੁਰ ’ਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਦੇ ਨਾਲ-ਨਾਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਸਬੰਧ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਕੇਸੀਪੀ (ਨੋਯੋਨ) ਸੰਗਠਨ ਦੇ ਦੋ ਕੱਟੜ ਅੱਤਵਾਦੀਆਂ ਨੂੰ ਫੜਿਆ ਹੈ।
ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਪੁਲਿਸ ਵੱਲੋਂ ਇੰਫਾਲ ਪੱਛਮੀ ਜ਼ਿਲੇ ਤੋਂ ਗ੍ਰਿਫਤਾਰ ਕੀਤੇ ਗਏ ਕੇਸੀਪੀ (ਨੋਯੋਨ) ਸੰਗਠਨ ਦੇ ਦੋ ਸਰਗਰਮ ਕਾਡਰਾਂ ਦੀ ਪਛਾਣ ਇੰਫਾਲ ਪੱਛਮੀ ਦੇ ਖੋਇਨਜਾਇਮ ਰੌਬਰਟਸਨ ਸਿੰਘ (23) ਅਤੇ ਇੰਫਾਲ ਪੂਰਬੀ ਦੇ ਨਾਲ ਲੱਗਦੇ ਕਾਕਚਿੰਗ ਜ਼ਿਲੇ ਦੇ ਖੈਦੇਮ ਨਾਉਬਾ ਮੈਤੇਈ (20) ਵਜੋਂ ਹੋਈ ਹੈ।
ਦੋਵੇਂ ਦੁਕਾਨਾਂ ਅਤੇ ਵਿਅਕਤੀਆਂ ਤੋਂ ਜਬਰੀ ਵਸੂਲੀ ਕਰਨ ਵਿੱਚ ਸ਼ਾਮਲ ਸਨ। ਇਨ੍ਹਾਂ ਕੋਲੋਂ ਦੋ ਮੋਬਾਈਲ ਫ਼ੋਨ, ਇੱਕ ਦੋਪਹੀਆ ਵਾਹਨ ਅਤੇ ਕੁਝ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ। ਅਗਲੇਰੀ ਕਾਰਵਾਈ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਸੂਬੇ ਭਰ ‘ਚ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
