ਕੋਲਕਾਤਾ, 21 ਫਰਵਰੀ : ਸੰਦੇਸ਼ਖਾਲੀ ਥਾਣਾ ਖੇਤਰ ਦੇ ਧਮਾਖਾਲੀ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੂੰ ਰੋਕੇ ਜਾਣ ਦੌਰਾਨ ਆਈ. ਪੀ. ਐੱਸ. ਅਧਿਕਾਰੀ ਜਸਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਖਾਲਿਸਤਾਨੀ ਕਹਿਣ ’ਤੇ ਬੰਗਾਲ ਵਿਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬਾ ਪੁਲਿਸ ਨੇ ਵੀ ਆਈ. ਪੀ. ਐੱਸ. ਅਧਿਕਾਰੀ ’ਤੇ ਕੀਤੀ ਗਈ ‘‘ਖਾਲਿਸਤਾਨੀ’’ ਟਿੱਪਣੀ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਜਸਪ੍ਰੀਤ ਸਿੰਘ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਬਲਿਕ ਖੁਦ ਸ਼ੁਭੇਂਦੂ ਅਧਿਕਾਰੀ ਨੇ ਖਾਲਿਸਤਾਨੀ ਕਿਹਾ ਹੈ। ਸੱਤਾਧਾਰੀ ਪਾਰਟੀ ਦੇ ਆਈਟੀ ਸੈੱਲ ਦੇ ਨੇਤਾਵਾਂ ਵਿੱਚੋਂ ਇੱਕ ਅਦਿਤੀ ਗਾਯੇਨ ਨੇ ਇੱਕ ਟੈਲੀਵਿਜ਼ਨ ਚੈਨਲ ਦਾ ਫੁਟੇਜ ਪੋਸਟ ਕੀਤਾ। ਇੱਕ ਪੁਰਸ਼ ਦੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘‘ਇਹ ਖਾਲਿਸਤਾਨੀ ਹੈ।’’ ਫੁਟੇਜ ‘ਚ ਸ਼ੁਭੇਂਦੂ ਵੀ ਨਜ਼ਰ ਆ ਰਹੇ ਹਨ। ਤ੍ਰਿਣਮੂਲ ਦਾ ਦਾਅਵਾ ਹੈ ਕਿ ਪੁਰਸ਼ ਆਵਾਜ਼ ਸ਼ੁਭੇਂਦੂ ਦੀ ਹੈ। ਹਾਲਾਂਕਿ ਹਿੰਦੂਸਥਾਨ ਸਮਚਾਰ ਨੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਹੈ।
ਵਿਵਾਦ ਵਧਦੇ ਹੀ ਸ਼ੁਭੇਂਦੂ ਨੇ ਮੰਗਲਵਾਰ ਦੇਰ ਰਾਤ ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਸ਼ੁਭੇਂਦੂ ਨੇ ਕਿਹਾ, “ਸਾਨੂੰ ਪਾਕਿਸਤਾਨ-ਖਾਲਿਸਤਾਨੀ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। ਅਧਿਕਾਰੀ ਦਾ ਵਤੀਰਾ ਰੁੱਖਾ ਸੀ। ਉਹ ਡਰਾਮੇਬਾਜ਼ੀ ਕਰਕੇ ਮੁੱਖ ਮੰਤਰੀ ਕੋਲ ਆਪਣੇ ਨੰਬਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਾ ਤਾਂ ਮੈਂ ਅਤੇ ਨਾ ਹੀ ਸਾਡੇ ਸਾਥੀਆਂ ਨੇ ਕਿਸੇ ਧਰਮ ‘ਤੇ ਹਮਲਾ ਕਰਨ ਵਾਲੀ ਕੋਈ ਗੱਲ ਨਹੀਂ ਕਹੀ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਣਾਮ ਕਰਦੇ ਹਾਂ। ਮੈਂ ਸਿੱਖ ਧਰਮ ਦਾ ਸਤਿਕਾਰ ਕਰਦਾ ਹਾਂ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
