ਕੁੱਲੂ, 19 ਅਕਤੂਬਰ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਵੱਧ ਫੁੱਲ ਰਹੀ ਭੰਗ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਟਾਸਕ ਫੋਰਸ ਕੁੱਲੂ ਦੀ ਟੀਮ ਇੰਸਪੈਕਟਰ ਇੰਦਰ ਸਿੰਘ ਦੀ ਅਗਵਾਈ ‘ਚ ਜੋਗਿੰਦਰ ਨਗਰ ਦੀ ਚੌਹਾਰ ਵੈਲੀ ‘ਚ ਗੜ੍ਹ ਨਾਮਕ ਸਥਾਨ ‘ਤੇ ਜੰਗਲ ‘ਚ ਗਸ਼ਤ ‘ਤੇ ਸੀ। ਇਸ ਦੌਰਾਨ ਟੀਮ ਨੇ ਸਰਕਾਰੀ ਜ਼ਮੀਨ ‘ਤੇ ਭੰਗ ਦੀ ਖੇਤੀ ਵੇਖੀ। ਟੀਮ ਵੱਲੋਂ ਭੰਗ ਦੇ ਪੌਦਿਆਂ ਨੂੰ ਨਸ਼ਟ ਕਰ ਦਿੱਤਾ ਗਿਆ।
ਡੀ. ਐੱਸ. ਪੀ. ਐਂਟੀ ਨਾਰਕੋਟਿਕਸ ਟਾਸਕ ਫੋਰਸ ਕੁੱਲੂ ਹੇਮਰਾਜ ਵਰਮਾ ਨੇ ਦੱਸਿਆ ਕਿ ਟੀਮ ਨੇ ਮੌਕੇ ਤੋਂ 64,238 (ਛੇਤੀ ਹਜ਼ਾਰ ਦੋ ਸੌ ਅਠੱਤੀ) ਭੰਗ ਦੇ ਪੌਦੇ ਬਰਾਮਦ ਕੀਤੇ, ਜਿਸ ‘ਤੇ ਏਐਨਟੀਐਫ ਕੁੱਲੂ ਵੱਲੋਂ ਥਾਣਾ ਪਧਰ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਪਰੋਕਤ ਭੰਗ ਦੀ ਖੇਤੀ ਕਿਸ ਨੇ ਕੀਤੀ ਹੈ।
