ਕੁੱਲੂ, 07 ਅਕਤੂਬਰ। ਕੁੱਲੂ ਥਾਣਾ ਅਧੀਨ ਪੁਲਿਸ ਨੇ ਰਾਜਸਥਾਨ ਦੇ ਇੱਕ ਨੌਜਵਾਨ ਨੂੰ ਚਰਸ ਤਸਕਰੀ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਚਰਸ ਤਸਕਰੀ ਦਾ ਮਾਮਲਾ ਬੀਤੀ ਸ਼ੁੱਕਰਵਾਰ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਮਣੀਕਰਨ ਘਾਟੀ ਦੇ ਗ੍ਰਾਹਣ ਮਾਰਗ ਨੇੜੇ ਕਸੋਲ ‘ਚ ਨਾਕੇ ‘ਤੇ ਮੌਜੂਦ ਸੀ। ਉਸੇ ਸਮੇਂ ਸਾਹਮਣੇ ਤੋਂ ਇਕ ਵਿਅਕਤੀ ਆਇਆ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਪੁਲਿਸ ਨੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ‘ਚੋਂ 216 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਚਰਸ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਐਸ.ਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੌਜਵਾਨ ਵਿਰਾਜ ਸੈਣੀ (28) ਪੁੱਤਰ ਕਨ੍ਹਈਆ ਲਾਲ ਸੈਣੀ ਵਾਸੀ ਗਾਂਧੀ ਚੌਕ ਰਾਜਨ ਦੇਸਰ ਜ਼ਿਲ੍ਹਾ ਚੁਰੂ ਰਾਜਸਥਾਨ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਵਰਮਾ ਨੇ ਦੱਸਿਆ ਕਿ ਦੂਜੇ ਮਾਮਲੇ ‘ਚ ਮਨਾਲੀ ਵੋਲਵੋ ਬੱਸ ਸਟੈਂਡ ਨੇੜੇ ਤੋਂ ਚਿਰਾਗ ਜੈਨ (22) ਪੁੱਤਰ ਆਨੰਦ ਜੈਨ ਵਾਸੀ ਮੁਰਾਦਾਬਾਦ, ਉੱਤਰ ਪ੍ਰਦੇਸ਼ ਅਤੇ ਸੰਜੇ ਕੁਮਾਰ ਮਹਤੋ (30) ਪੁੱਤਰ ਸੂਰਿਆ ਪ੍ਰਸਾਦ ਮਹਾਤੋ, ਪਿੰਡ ਲੂਕੀਆ, ਜਿਲਾ ਬੋਕਾਰੋ, ਝਾਰਖੰਡ ਪਾਸੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
