ਸ਼ਿਮਲਾ, 06 ਨਵੰਬਰ । ਹਿਮਾਚਲ ਪ੍ਰਦੇਸ਼ ‘ਚ ਸਾਹਮਣੇ ਆਏ ਕਰੋੜਾਂ ਰੁਪਏ ਦੇ ਕ੍ਰਿਪਟੋ ਕਰੰਸੀ ਧੋਖਾਧੜੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਪੁਲਿਸ ਐੱਸਆਈਟੀ ਲਗਾਤਾਰ ਮੁਲਜ਼ਮਾਂ ‘ਤੇ ਸ਼ਿਕੰਜਾ ਕੱਸ ਰਹੀ ਹੈ ਅਤੇ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਡੀਆਈਜੀ ਅਭਿਸ਼ੇਕ ਦੁੱਲਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਐਤਵਾਰ ਨੂੰ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਮੁਲਜ਼ਮਾਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਅਤੇ ਇੱਕ ਵਣ ਗਾਰਡ ਵੀ ਸ਼ਾਮਲ ਹੈ।
ਸੂਬਾ ਪੁਲਿਸ ਹੈੱਡਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਆਈ.ਟੀ. ਨੇ ਪੁਲਸ ਮੁਲਾਜ਼ਮ ਨਰੇਸ਼ ਕੁਮਾਰ ਵਾਸੀ ਸਮਲੇਹਰਾ ਤਹਿਸੀਲ ਜੋੜੇ ਅੰਬ ਜ਼ਿਲ੍ਹਾ ਹਮੀਰਪੁਰ, ਊਨਾ ਦੀ ਬਨਗੜ੍ਹ ਜੇਲ੍ਹ ਦੇ ਵਾਰਡਨ ਸੁਨੀਲ ਕੁਮਾਰ ਵਾਸੀ ਬਿਝੜੀ ਜ਼ਿਲ੍ਹਾ ਹਮੀਰਪੁਰ, ਕ੍ਰਿਸ਼ਨਾ ਦੱਤ ਵਾਸੀ ਮੋਹਨ, ਜ਼ਿਲ੍ਹਾ ਹਮੀਰਪੁਰ, ਨਾਦੌਨ ’ਚ ਵਣ ਗਾਰਡ ਰਾਮ ਕੁਮਾਰ ਰਾਣਾ ਵਾਸੀ ਸੁਜਾਨਪੁਰ, ਟਿਹਰਾ ਜ਼ਿਲ੍ਹਾ ਹਮੀਰਪੁਰ, ਜਾਹੂ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮ ਜੋਤੀ ਪਤਨੀ ਪੰਕਜ ਰਾਣਾ ਵਾਸੀ ਮੋਰਸੂ, ਤਹਿਸੀਲ ਬਡਸਰ ਜ਼ਿਲ੍ਹਾ ਹਮੀਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਬੱਦੀ ਦੇ ਮਾਨਪੁਰਾ ’ਚ ਨੀਲ ਧੀਮਾਨ ਵਾਸੀ ਖਰੂਨੀ ਮਾਨਪੁਰਾ, ਨਾਲਾਗੜ੍ਹ ਅਤੇ ਪੁਲਿਸ ਬਟਾਲੀਅਨ ਜੰਗਲ ਬੈਰੀ ਦੇ ਪੁਲਸ ਮੁਲਾਜ਼ਮ ਬਲਵੀਰ ਸਿੰਘ ਵਾਸੀ ਛੱਤਰਾਆਣਾ ਤਹਿਸੀਲ ਸਰਕਾਘਾਟ ਜ਼ਿਲ੍ਹਾ ਮੰਡੀ ਅਤੇ ਗੁਰਦੀਪ ਸਿੰਘ ਵਾਸੀ ਨਾਲਾਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ‘ਤੇ ਕ੍ਰਿਪਟੋ ਕਰੰਸੀ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਮਾਰਨ ਦਾ ਦੋਸ਼ ਹੈ।
ਸੂਬੇ ਦੇ ਡੀਜੀਪੀ ਸੰਜੇ ਕੁੰਡੂ ਨੇ ਦੱਸਿਆ ਕਿ ਐੱਸਆਈਟੀ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਧੋਖਾਧੜੀ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਕ੍ਰਿਪਟੋ ਕੁਆਇਨ ਅਤੇ ਵੱਖ-ਵੱਖ ਵੈੱਬਸਾਈਟਾਂ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਵਿਭਾਗ ਦੇ ਕਈ ਮੁਲਾਜ਼ਮ ਵੀ ਕਰੋੜਾਂ ਰੁਪਏ ਦੇ ਘਪਲੇ ਦਾ ਸ਼ਿਕਾਰ ਹੋ ਚੁੱਕੇ ਹਨ। ਕ੍ਰਿਪਟੋ ਕਰੰਸੀ ਫਰਾਡ ਰਾਹੀਂ ਕਰੀਬ 2500 ਕਰੋੜ ਰੁਪਏ ਦਾ ਗੈਰ-ਕਾਨੂੰਨੀ ਨਿਵੇਸ਼ ਕੀਤਾ ਗਿਆ ਹੈ। ਐੱਸਆਈਟੀ ਨੇ ਹੁਣ ਤੱਕ ਦੀ ਜਾਂਚ ਵਿੱਚ ਦੋ ਹਜ਼ਾਰ ਕਰੋੜ ਤੋਂ ਵੱਧ ਦੇ ਲੈਣ-ਦੇਣ ਦਾ ਪਤਾ ਲਗਾਇਆ ਹੈ।
ਮੰਡੀ ਦਾ ਕ੍ਰਿਪਟੋ ਕਰੰਸੀ ਫਰਾਡ ਕਿੰਗਪਿਨ ਸੁਭਾਸ਼ ਸ਼ਰਮਾ ਦੇਸ਼ ਛੱਡ ਕੇ ਵਿਦੇਸ਼ ਭੱਜ ਗਿਆ ਹੈ। ਕ੍ਰਿਪਟੋ ਕਰੰਸੀ ਦੀ ਧੋਖਾਧੜੀ ਕਾਰਨ ਲੋਕਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਕਰੀਬ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕ੍ਰਿਪਟੋ ਕਰੰਸੀ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।
