
ਗੁਵਾਹਾਟੀ, 22 ਨਵੰਬਰ (ਹਿ.ਸ.)। ਗੁਵਾਹਾਟੀ ਦੀ ਭਰਲਮੁੱਖ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ‘ਤੇ ਦੋ ਲੋਕਾਂ ਨੂੰ 1 ਕਰੋੜ 69 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗੁਵਾਹਾਟੀ ਪੁਲਿਸ ਕਮਿਸ਼ਨਰ ਦਿਗੰਤ ਬੋਰਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭਰਲਮੁੱਖ ਥਾਣਾ ਖੇਤਰ ਦੇ ਅਠਗਾਓਂ, ਐੱਮ.ਐੱਸ.ਰੋਡ ਦੇ ਮੁਹੰਮਦ ਜ਼ਮੀਰ ਉੱਦੀਨ ਦੀ ਇਮਾਰਤ ਵਿੱਚ ਕਿਰਾਏ ਦੇ ਮਕਾਨ ਵਿੱਚ ਸ਼ੱਕੀ ਵਿਅਕਤੀਆਂ ਦੇ ਰਹਿਣ ਬਾਰੇ ਇੱਕ ਸੂਤਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਭਰਲਮੁੱਖ ਦੀ ਟੀਮ ਵੱਲੋਂ ਅਹਾਤੇ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਕਦੀ ਸਮੇਤ ਕਾਬੂ ਕੀਤਾ ਗਿਆ।
ਦੇਵਕਰਨ ਸੇਨ (27, ਰਾਜਸਥਾਨ) ਅਤੇ ਮਨੋਜ ਕੁਮਾਰ (47, ਰਾਜਸਥਾਨ) ਨੂੰ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਦੋ ਬੈਗਾਂ ‘ਚੋਂ ਵੱਡੀ ਰਕਮ ਬਰਾਮਦ ਹੋਈ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਨਕਦੀ ਦੇ ਸਰੋਤ ਦਾ ਜਵਾਬ ਦੇਣ ਤੋਂ ਅਸਮਰੱਥ ਰਹੇ। ਇਸ ਤੋਂ ਬਾਅਦ ਆਮਦਨ ਕਰ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ। ਆਮਦਨ ਕਰ ਵਿਭਾਗ ਦੀ ਟੀਮ ਨੇ ਆ ਕੇ ਬਰਾਮਦ ਕੀਤੀ ਰਕਮ ਦੀ ਗਿਣਤੀ ਕੀਤੀ ਤਾਂ ਇਹ ਰਕਮ 1 ਕਰੋੜ 69 ਲੱਖ 70 ਹਜ਼ਾਰ ਰੁਪਏ ਨਿਕਲੀ। ਆਈਟੀ ਟੀਮ ਇਸ ਵੱਡੀ ਨਕਦੀ ਦੇ ਸਰੋਤ ਬਾਰੇ ਹੋਰ ਪੁੱਛਗਿੱਛ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
