ਕੁੱਲੂ, 07 ਨਵੰਬਰ (ਹਿ.ਸ.)। ਕੁੱਲੂ ਵਿੱਚ ਵੱਧ ਰਹੀ ਡਰੱਗ ਤਸਕਰੀ ‘ਤੇ ਏਐਨਟੀਐਫ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। ਕੁੱਲੂ ਦੀ ਟੀਮ ਨੇ ਚਿੱਟੇ ਦੀ ਤਸਕਰੀ ਦੇ ਦੋਸ਼ ‘ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਨਸ਼ਾ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਹਾਥੀਥਾਨ ਚੌਕ, ਭੁੰਤਰ ਵਿਖੇ ਗਸ਼ਤ ‘ਤੇ ਸੀ ਤਾਂ ਇਸ ਦੌਰਾਨ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਪੰਜਾਬ ਦੇ ਰਹਿਣ ਵਾਲੇ ਦੋ ਲੜਕੇ ਕਮਰਾ ਨੰ. 205 ਹਾਥੀਥਾਨ ਚੌਂਕ ਨੇੜੇ ਹੋਟਲ ਚਮਨ ਬਸੇਰਾ ਹੋਮ ਸਟੇ ‘ਤੇ ਰਹਿ ਰਹੇ ਹਨ, ਉਨ੍ਹਾਂ ਕੋਲ ਨਸ਼ੀਲੇ ਪਦਾਰਥ ਹਨ।
ਜਾਣਕਾਰੀ ਦੇ ਆਧਾਰ ‘ਤੇ ਏਐਨਟੀਐਫ ਕੁੱਲੂ ਦੀ ਟੀਮ ਨੇ ਹੋਟਲ ਦੇ ਕਮਰੇ ਨੰਬਰ 205 ਦੀ ਤਲਾਸ਼ੀ ਲਈ ਜਿੱਥੋਂ 42. 64 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਈ।
ਡੀਐਸਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਕੁੱਲੂ ਹੇਮਰਾਜ ਵਰਮਾ ਨੇ ਦੱਸਿਆ ਕਿ ਟੀਮ ਨੇ ਮੁਲਜ਼ਮ ਜਸਕਰਨ ਸਿੰਘ (26) ਪੁੱਤਰ ਸੁਰਜੀਤ ਸਿੰਘ ਅਤੇ ਸੁਖਜੀਤ ਸਿੰਘ (22) ਪੁੱਤਰ ਬਲਜੀਤ ਸਿੰਘ ਵਾਸੀ ਫ਼ਰੀਦਕੋਟ ਪੰਜਾਬ ਖ਼ਿਲਾਫ਼ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਭੁੰਤਰ ਨੂੰ ਸੌਂਪ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
