

ਝਾਂਸੀ, 18 ਨਵੰਬਰ (ਹਿ.ਸ.)। ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ‘ਚ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਮਊਰਾਨੀਪੁਰ ਪੁਲਿਸ ਦੀ ਸਾਂਝੀ ਟੀਮ ਨੇ ਸ਼ਨੀਵਾਰ ਨੂੰ ਸਿਤੌਰਾ ਰੋਡ ‘ਤੇ ਮੁਕਾਬਲੇ ‘ਚ 1.25 ਲੱਖ ਰੁਪਏ ਦੇ ਇਨਾਮੀ ਇਕ ਅਪਰਾਧੀ ਨੂੰ ਢੇਰੀ ਕਰ ਦਿੱਤਾ। ਇਸ ਦੌਰਾਨ ਐੱਸਟੀਐੱਫ ਦੇ ਡਿਪਟੀ ਐੱਸਪੀ ਅਤੇ ਇੰਸਪੈਕਟਰ ਨੂੰ ਵੀ ਗੋਲੀ ਲੱਗੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਬੁਲੇਟਪਰੂਫ ਜੈਕਟਾਂ ਪਾਈਆਂ ਹੋਈਆਂ ਸਨ।
ਸੀਨੀਅਰ ਪੁਲਿਸ ਕਪਤਾਨ ਰਾਜੇਸ਼ ਐੱਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਇਨਾਮੀ ਅਪਰਾਧੀ ਦੀ ਪਹਿਚਾਣ ਰਾਸ਼ਿਦ ਕਾਲੀਆ ਉਰਫ਼ ਗੌੜਾ ਉਰਫ਼ ਬੀਰੂ ਵਾਸੀ ਚਕੇਰੀ, ਕਾਨਪੁਰ ਨਗਰ ਵਜੋਂ ਹੋਈ ਹੈ। ਕਾਨਪੁਰ ਪੁਲਿਸ ਕਮਿਸ਼ਨਰੇਟ ਨੇ ਉਸ ‘ਤੇ 1 ਲੱਖ ਰੁਪਏ ਅਤੇ ਝਾਂਸੀ ਪੁਲਿਸ ਨੇ 25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਐੱਸਟੀਐੱਫ ਨੂੰ ਸੂਚਨਾ ਮਿਲੀ ਸੀ ਕਿ ਇੱਕ ਇਨਾਮੀ ਅਪਰਾਧੀ ਮਊਰਾਨੀਪੁਰ ਥਾਣਾ ਖੇਤਰ ਅਧੀਨ ਇੱਕ ਵਿਅਕਤੀ ਨੂੰ ਸੁਪਾਰੀ ’ਤੇ ਮਾਰਨ ਜਾ ਰਿਹਾ ਹੈ। ਇਸ ਤੋਂ ਬਾਅਦ ਐੱਸ.ਟੀ. ਐੱਫ. ਅਤੇ ਮਊਰਾਨੀਪੁਰ ਪੁਲਿਸ ਦੀ ਸਾਂਝੀ ਟੀਮ ਹਰਕਤ ‘ਚ ਆ ਗਈ ਅਤੇ ਸ਼ਨੀਵਾਰ ਸਵੇਰੇ ਉਸਨੂੰ ਸੀਤੌਰਾ ਰੋਡ ‘ਤੇ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਬਦਮਾਸ਼ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਉਹ ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋ ਗਿਆ। ਉਸਨੂੰ ਸੀਐਚਸੀ ਮਊਰਾਨੀਪੁਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪਰ ਮੈਡੀਕਲ ਕਾਲਜ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਸ ਕੋਲੋਂ ਇੱਕ ਫੈਕਟਰੀ ਮੇਡ ਪਿਸਤੌਲ, ਦੋ ਮੈਗਜ਼ੀਨ, ਇੱਕ ਜਿੰਦਾ ਕਾਰਤੂਸ, ਇੱਕ ਤਮੰਚਾ, ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
