ਮੇਰਠ, 03 ਨਵੰਬਰ (ਹਿ.ਸ.)। ਮੇਰਠ ਦੇ ਸਰਾਫਾ ਬਾਜ਼ਾਰ ‘ਚੋਂ ਦੋ ਜਿਊਲਰਾਂ ਤੋਂ 50 ਲੱਖ ਰੁਪਏ ਦਾ ਸੋਨਾ ਲੈ ਕੇ ਕਾਰੀਗਰ ਫਰਾਰ ਹੋ ਗਿਆ। ਕਾਰੀਗਰ ਦਾ ਕੋਈ ਸੁਰਾਗ ਨਾ ਮਿਲਣ ‘ਤੇ ਸਰਾਫਾ ਵਪਾਰੀ ਸ਼ੁੱਕਰਵਾਰ ਨੂੰ ਦੇਹਲੀ ਗੇਟ ਥਾਣੇ ਪੁੱਜੇ ਅਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ।
ਮੇਰਠ ਸਰਾਫਾ ਵਪਾਰੀ ਸੰਘ ਦੇ ਜਨਰਲ ਸਕੱਤਰ ਵਿਜੇ ਆਨੰਦ ਅਗਰਵਾਲ ਦੀ ਅਗਵਾਈ ‘ਚ ਸਰਾਫਾ ਵਪਾਰੀ ਸ਼ੁੱਕਰਵਾਰ ਨੂੰ ਦੇਹਲੀ ਗੇਟ ਥਾਣੇ ਪਹੁੰਚੇ। ਵਿਜੇ ਆਨੰਦ ਨੇ ਦੱਸਿਆ ਕਿ ਸਰਾਫਾ ਬਾਜ਼ਾਰ ‘ਚ ਬੰਗਾਲੀ ਕਾਰੀਗਰ ਸ਼ਫੀਰਕੁਰ ਅਤੇ ਉਸ ਦਾ ਪੁੱਤਰ ਨੌਸ਼ਾਦ ਆਪਣੇ ਸਾਥੀਆਂ ਨਾਲ ਮਿਲ ਕੇ ਗਹਿਣਿਆਂ ‘ਤੇ ਮੀਨਾਕਾਰੀ ਦਾ ਕੰਮ ਕਰਦੇ ਹਨ। ਸ਼ਫੀਰਕੁਰ ਇਹ ਕੰਮ ਗੋਪਾਲ ਮਾਰਕੀਟ ਸਥਿਤ ਆਪਣੀ ਦੁਕਾਨ ‘ਤੇ ਕਰਦਾ ਹੈ। ਚਾਰ ਦਿਨ ਪਹਿਲਾਂ ਸਰਾਫਾ ਵਪਾਰੀ ਆਸ਼ੀਸ਼ ਅਤੇ ਅਸ਼ੋਕ ਨੇ ਸ਼ਫੀਕੁਰ ਅਤੇ ਉਸ ਦੇ ਪੁੱਤਰ ਨੂੰ ਆਰਡਰ ‘ਤੇ ਬਣਾਉਣ ਲਈ ਕਰੀਬ 50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਦਿੱਤੇ ਸਨ। ਕਾਰੀਗਰਾਂ ਦੇ ਫੋਨ ਅਤੇ ਦੁਕਾਨਾਂ ਦੋ ਦਿਨਾਂ ਤੋਂ ਬੰਦ ਹਨ। ਜਦੋਂ ਉਨ੍ਹਾਂ ਨਾਲ ਜੁੜੇ ਹੋਰ ਕਾਰੀਗਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਤਿੰਨ ਹੋਰ ਕਾਰੀਗਰ ਵੀ ਗਾਇਬ ਪਾਏ ਗਏ। ਜਦੋਂਕਿ ਸ਼ਫੀਰਕੁਰ ਸਰਾਫਾ ਬਾਜ਼ਾਰ ’ਚ ਇਹ ਕਹਿ ਕੇ ਗਿਆ ਉਸ ਦੀ ਮਾਂ ਦੀ ਮੌਤ ਹੋ ਗਈ ਹੈ ਅਤੇ ਉਹ ਆਪਣੇ ਘਰ ਬੰਗਾਲ ਚਲਾ ਗਿਆ ਹੈ।
ਵਿਜੇ ਆਨੰਦ ਅਗਰਵਾਲ ਨੇ ਦੱਸਿਆ ਕਿ ਕਾਰੀਗਰ ਬੰਗਾਲ ਸਥਿਤ ਆਪਣੇ ਘਰ ਵੀ ਨਹੀਂ ਪਹੁੰਚੇ ਅਤੇ ਉਸ ਦੀ ਮਾਂ ਦੀ ਮੌਤ ਦੀ ਖਬਰ ਵੀ ਫਰਜ਼ੀ ਹੈ। ਇਹ ਕਾਰੀਗਰ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਸਰਾਫਾ ਵਪਾਰੀਆਂ ਨੇ ਦੱਸਿਆ ਕਿ ਅਸੀਂ ਇੱਕ ਹਜ਼ਾਰ ਕਾਰੀਗਰਾਂ ਦੀ ਪੜਤਾਲ ਕਰਵਾ ਲਈ ਹੈ। ਹੁਣ ਪੁਲਿਸ ਤੇ ਪ੍ਰਸ਼ਾਸਨ ਨੂੰ ਹੋਰ ਕਾਰੀਗਰਾਂ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ। ਕਾਰੋਬਾਰੀਆਂ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
