ਮੁੰਬਈ, 24 ਨਵੰਬਰ (ਹਿ.ਸ.)। ਮੁੰਬਈ ਹਵਾਈ ਅੱਡੇ ’ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਨੌਕਰੀ ਦੀ ਭਾਲ ਵਿੱਚ ਯੂਨਾਈਟਿਡ ਕਿੰਗਡਮ (ਯੂ.ਕੇ.) ਜਾਣ ਵਾਲੇ ਅੱਠ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਰੇ ਅੱਠ ਵਿਅਕਤੀਆਂ ਨੂੰ ਅਗਲੇਰੀ ਜਾਂਚ ਲਈ ਸਹਾਰ ਥਾਣੇ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ‘ਚ ਪੁਲਿਸ ਯੂ. ਕੇ. ਨਿਵਾਸੀ ਅਬਰਾਹਿਮ ਕੁਰੈਸ਼ੀ ਦੀ ਭਾਲ ਕਰ ਰਹੀ ਹੈ, ਜਿਸ ਨੇ ਪ੍ਰਤੀ ਵਿਅਕਤੀ 25 ਲੱਖ ਰੁਪਏ ਵਸੂਲ ਕੇ ਸਾਰਿਆਂ ਤੋਂ ਫਰਜ਼ੀ ਦਸਤਾਵੇਜ਼ ਬਣਾਏ ਸਨ।
ਹਵਾਈ ਅੱਡੇ ‘ਤੇ ਤਾਇਨਾਤ ਇਮੀਗ੍ਰੇਸ਼ਨ ਅਧਿਕਾਰੀ ਗਣੇਸ਼ ਮਾਧਵ ਗਵਲੀ ਮੁਤਾਬਕ ਬੁੱਧਵਾਰ ਨੂੰ ਅੱਠ ਲੋਕਾਂ ਨੂੰ ਸ਼ੱਕੀ ਹਾਲਤ ‘ਚ ਦੇਖਿਆ ਗਿਆ। ਜਦੋਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਜਾਅਲੀ ਕੰਟੀਨਿਊਅਸ ਡਿਸਚਾਰਜ ਸਰਟੀਫਿਕੇਟ (ਸੀਡੀਸੀ), ਫਰਜ਼ੀ ਈ-ਪ੍ਰਵਾਸੀ ਪੱਤਰ, ਜਾਅਲੀ ਜਹਾਜ਼ ਜੁਆਇਨਿੰਗ ਲੈਟਰ, ਬੋਰਡਿੰਗ ਪਾਸ ਅਤੇ ਪਾਸਪੋਰਟ ਸਮੇਤ ਵੱਖ-ਵੱਖ ਜਾਅਲੀ ਦਸਤਾਵੇਜ਼ ਜ਼ਬਤ ਕੀਤੇ ਗਏ। ਇਸ ਤੋਂ ਬਾਅਦ ਉਕਤ ਅੱਠਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਲਈ ਥਾਣਾ ਸਹਾਰ ਦੀ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਦਿਲਵਰ ਸਿੰਘ, ਸੁਭਮ ਸੋਮ ਨੈਪਾਲ ਸਿੰਘ, ਮਨਦੀਪ ਸਿੰਘ, ਕੈਸ਼ਦੀਪ ਸਿੰਘ, ਸੁਸ਼ੀਲ ਪਾਲ, ਜਸਵਿੰਦਰ ਪਾਲ, ਕੁਸ਼ਲਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਵਜੋਂ ਹੋਈ ਹੈ। ਗਵਲੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਜਾਂਚ ਦੌਰਾਨ ਦੱਸਿਆ ਕਿ ਅਬਰਾਹਿਮ ਕੁਰੈਸ਼ੀ ਨੇ ਯੂ.ਕੇ ਪਹੁੰਚਣ ਕੇ ਉਨ੍ਹਾਂ ਸਾਰਿਆਂ ਨੂੰ ਮਰਚੈਂਟ ਨੇਵੀ ਲਈ ਨੌਕਰੀ ਜੁਆਇਨਿੰਗ ਲੈਟਰ ਦੇਣ ਦਾ ਭਰੋਸਾ ਦਿੱਤਾ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਰੈਸ਼ੀ ਨੇ ਕਈ ਭਾਰਤੀਆਂ ਨੂੰ ਬ੍ਰਿਟੇਨ ‘ਚ ਵਸਣ ‘ਚ ਮਦਦ ਕਰਨ ਦੇ ਨਾਮ ‘ਤੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
