
ਕੁੱਲੂ, 05 ਦਸੰਬਰ (ਹਿ.ਸ.)। ਭੁੰਤਰ ਥਾਣਾ ਅਤੇ ਕੁੱਲੂ ਥਾਣੇ ਦੀ ਪੁਲਿਸ ਨੇ 3 ਮੁਲਜ਼ਮਾਂ ਨੂੰ ਚਰਸ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਸੋਮਵਾਰ ਦੇਰ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਬਜੌਰਾ-ਗੜਸਾ ਰੋਡ ‘ਤੇ ਨਾਕੇ ‘ਤੇ ਮੌਜੂਦ ਸੀ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਦੌਰਾਨ ਇਕ ਕਿੱਲੋ 106 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਚਰਸ ਦੀ ਖੇਪ ਜ਼ਬਤ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸੰਜੇ ਕੁਮਾਰ (26) ਪੁੱਤਰ ਮੇਘ ਸਿੰਘ ਵਾਸੀ ਪਿੰਡ ਤਰਾਲਾ ਡਾਕਖਾਨਾ ਜਾਓਂ ਤਹਿਸੀਲ ਆਨੀ ਜ਼ਿਲ੍ਹਾ ਕੁੱਲੂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਪੁਲਿਸ ਟੀਮ ਨੇ ਮਣੀਕਰਨ ਰੋਡ ‘ਤੇ ਹਾਥੀਥਾਨ ਚੌਂਕ ‘ਤੇ ਗਸ਼ਤ ਕਰਦੇ ਹੋਏ ਅੰਸ਼ੁਲ ਠਾਕੁਰ (19) ਪੁੱਤਰ ਸੁਨੀਲ ਕੁਮਾਰ ਠਾਕੁਰ ਵਾਸੀ ਪਿੰਡ ਲੈਹੜੀ ਡਾਕਖਾਨਾ ਸਰੇਲ ਤਹਿਸੀਲ ਘੁਮਾਰਵੀਂ, ਜ਼ਿਲ੍ਹਾ ਬਿਲਾਸਪੁਰ ਅਤੇ ਤਨੀਸ਼ ਠਾਕੁਰ (19) ਪੁੱਤਰ ਰਾਜਿੰਦਰ ਕੁਮਾਰ ਵਾਸੀ ਵਾਰਡ ਨੰਬਰ 5 ਕੁਨਲਗ ਡਾਕਖਾਨਾ ਅਤੇ ਤਹਿਸੀਲ ਸਰਕਾਘਾਟ, ਜ਼ਿਲ੍ਹਾ ਮੰਡੀ ਦੇ ਕਬਜ਼ੇ ‘ਚੋਂ 154 ਗ੍ਰਾਮ ਚਰਸ ਬਰਾਮਦ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
