ਨਵੀਂ ਦਿੱਲੀ, 18 ਅਕਤੂਬਰ। ਕੇਂਦਰ ਸਰਕਾਰ ਨੇ ਘਰੇਲੂ ਪੱਧਰ ‘ਤੇ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਘਟਾ ਕੇ 9,050 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਡੀਜ਼ਲ ਅਤੇ ਹਵਾਬਾਜ਼ੀ ਬਾਲਣ ਏਟੀਐੱਫ ਦੇ ਨਿਰਯਾਤ ‘ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵੀ ਘਟਾ ਦਿੱਤੀ ਗਈ ਹੈ। ਹਾਲਾਂਕਿ ਫਿਲਹਾਲ ਪੈਟਰੋਲ ‘ਤੇ ਡਿਊਟੀ ਜ਼ੀਰੋ ਰਹੇਗੀ। ਨਵੀਆਂ ਦਰਾਂ 18 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਦੇਸ਼ ‘ਚ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ 12,200 ਰੁਪਏ ਪ੍ਰਤੀ ਟਨ ਤੋਂ ਘਟਾ ਕੇ 9,050 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਬਰਾਮਦ ‘ਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (ਐੱਸਏਈਡੀ) ਨੂੰ 5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 4 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਏਅਰਕ੍ਰਾਫਟ ਫਿਊਲ ਏਟੀਐੱਫ ‘ਤੇ ਲਾਗੂ ਡਿਊਟੀ 2.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 1 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਹਾਲਾਂਕਿ ਪੈਟਰੋਲ ‘ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਹੀ ਰਹੇਗੀ।
ਜ਼ਿਕਰਯੋਗ ਹੈ ਕਿ ਦੇਸ਼ ‘ਚ ਪਹਿਲੀ ਵਾਰ ਸਰਕਾਰ ਨੇ 1 ਜੁਲਾਈ 2022 ਨੂੰ ਪੈਟਰੋਲੀਅਮ ਉਤਪਾਦਾਂ ‘ਤੇ ਵਿੰਡਫਾਲ ਪ੍ਰੋਫਿਟ ਟੈਕਸ ਲਗਾਇਆ ਸੀ।
