ਨਵੀਂ ਦਿੱਲੀ, 07 ਦਸੰਬਰ (ਹਿ.ਸ.)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਫਰਵਰੀ, 2024 ਨੂੰ ਸੰਸਦ ‘ਚ ਪੇਸ਼ ਕੀਤਾ ਜਾਣ ਵਾਲਾ ਬਜਟ ਨਿਯਮਤ ਬਜਟ ਨਹੀਂ ਹੋਵੇਗਾ, ਸਗੋਂ ਸਿਰਫ ਵੋਟ ਆਨ ਅਕਾਉਂਟ ਹੋਵੇਗਾ। ਇਸ ਲਈ ਸਰਕਾਰ ਕੋਈ ਵੱਡਾ ਐਲਾਨ ਨਹੀਂ ਕਰੇਗੀ। ਇਸ ਦੇ ਲਈ ਤੁਹਾਨੂੰ ਜੁਲਾਈ ‘ਚ ਪੇਸ਼ ਕੀਤੇ ਜਾਣ ਵਾਲੇ ਪੂਰੇ ਬਜਟ ਦਾ ਇੰਤਜ਼ਾਰ ਕਰਨਾ ਹੋਵੇਗਾ।
ਸੀਤਾਰਮਨ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਅਤੇ ਵਿੱਤ ਮੰਤਰਾਲੇ ਦੁਆਰਾ ਆਯੋਜਿਤ ਗਲੋਬਲ ਆਰਥਿਕ ਨੀਤੀ ਫੋਰਮ 2023 ਨੂੰ ਸੰਬੋਧਨ ਕਰਦੇ ਹੋਏ ਇਹ ਪ੍ਰਗਟਾਵਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਸੱਚ ਹੈ ਕਿ 1 ਫਰਵਰੀ 2024 ਨੂੰ ਜੋ ਬਜਟ ਐਲਾਨਿਆ ਜਾਵੇਗਾ, ਉਹ ਸਿਰਫ਼ ‘ਵੋਟ ਆਨ ਅਕਾਊਂਟ’ ਹੋਵੇਗਾ। ਸਰਕਾਰ ਜੋ ਬਜਟ ਪੇਸ਼ ਕਰੇਗੀ ਉਹ ਨਵੀਂ ਸਰਕਾਰ ਬਣਨ ਤੱਕ ਸਰਕਾਰੀ ਖਰਚਿਆਂ ਨੂੰ ਪੂਰਾ ਕਰਨ ਲਈ ਹੀ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਬਾਰਡਰ ਐਡਜਸਟਮੈਂਟ ਟੈਕਸ ਲਾਉਣ ਦਾ ਇਕਪਾਸੜ ਫੈਸਲਾ ‘ਗਲੋਬਲ ਸਾਊਥ’ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ (ਟੈਕਸ) ਲਗਾਉਣਾ ਅਤੇ ਉਸ ਪੈਸੇ ਨੂੰ ਕਿਸੇ ਹੋਰ ਦੇ ਗ੍ਰੀਨ ਏਜੰਡੇ ਵਿੱਚ ਨਿਵੇਸ਼ ਕਰਨਾ ਬਿਲਕੁਲ ਵੀ ਨੈਤਿਕ ਨਹੀਂ ਹੈ। ਹਰ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਕੀਤੀਆਂ ਗਈਆਂ ਹਰੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਸਰੋਤ ਪੈਦਾ ਕਰਨ ਦੀ ਲੋੜ ਹੋਵੇਗੀ। ਵਿੱਤ ਮੰਤਰੀ ਦਾ ਇਹ ਬਿਆਨ ਯੂਰਪੀ ਸੰਘ ਵੱਲੋਂ ਕੁਝ ਖੇਤਰਾਂ ਤੋਂ ਦਰਾਮਦ ‘ਤੇ ਕਾਰਬਨ ਟੈਕਸ ਲਗਾਉਣ ਦੇ ਐਲਾਨ ਦੇ ਪਿਛੋਕੜ ‘ਚ ਆਇਆ ਹੈ।
ਵਰਨਣਯੋਗ ਹੈ ਕਿ ਅੰਤਰਿਮ ਬਜਟ ਚੋਣ ਵਰ੍ਹੇ ਵਿੱਚ ਪੇਸ਼ ਕੀਤਾ ਜਾਣਾ ਹੈ, ਪਰ ਹੁਣ ਵਿੱਤ ਮੰਤਰੀ ਨੇ ਖੁਦ ਸਪੱਸ਼ਟ ਕਰ ਦਿੱਤਾ ਹੈ ਕਿ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਕੀਤਾ ਜਾਵੇਗਾ। ਵੋਟ ਆਨ ਅਕਾਊਂਟ ਦੇ ਤਹਿਤ ਮੌਜੂਦਾ ਸਰਕਾਰ ਨੂੰ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਤੱਕ ਖਰਚ ਦਿੱਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
