ਮੁੰਬਈ/ਨਵੀਂ ਦਿੱਲੀ, 17 ਨਵੰਬਰ (ਹਿ. ਸ.)। ਏਸ਼ੀਆਈ ਬਾਜ਼ਾਰ ‘ਚ ਕਮਜ਼ੋਰ ਸੰਕੇਤਾਂ ਦੇ ਵਿਚਕਾਰ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਉਤਰਾਅ-ਚੜ੍ਹਾਅ ਜਾਰੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 71.08 ਅੰਕ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 65,911.40 ਅੰਕ ‘ਤੇ ਟ੍ਰੈਂਡ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 4.35 ਅੰਕ ਜਾਂ 0.002 ਫੀਸਦੀ ਦੇ ਵਾਧੇ ਨਾਲ 19,769.55 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਕਾਰੋਬਾਰ ਦੀ ਸ਼ੁਰੂਆਤ ‘ਚ 30 ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ 342.74 ਅੰਕ ਫਿਸਲ ਕੇ 65,639.74 ‘ਤੇ ਆ ਗਿਆ। ਉਥੇ ਹੀ ਐੱਨਐੱਸਈ ਦਾ ਨਿਫਟੀ 97.75 ਅੰਕ ਡਿੱਗ ਕੇ 19,667.45 ‘ਤੇ ਆ ਗਿਆ। ਇਸ ਦੌਰਾਨ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 20 ‘ਚ ਮਜ਼ਬੂਤੀ ਅਤੇ 10 ‘ਚ ਗਿਰਾਵਟ ਦਿਖਾਈ ਦਿੱਤੀ। ਸੈਂਸੈਕਸ ਕੰਪਨੀਆਂ ‘ਚ ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਡਿੱਗਦੇ ਨਜ਼ਰ ਆਏ, ਜਦਕਿ ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਨੇਸਲੇ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼ ਅਤੇ ਟਾਈਟਨ ਦੇ ਸ਼ੇਅਰਾਂ ‘ਚ ਤੇਜ਼ੀ ਰਹੀ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੈਂਸੈਕਸ 306.55 ਅੰਕ ਜਾਂ 0.47 ਫੀਸਦੀ ਦੇ ਵਾਧੇ ਨਾਲ 65,982.48 ‘ਤੇ ਬੰਦ ਹੋਇਆ ਸੀ। ਉਥੇ ਹੀ ਨਿਫਟੀ 89.75 ਅੰਕ ਜਾਂ 0.46 ਫੀਸਦੀ ਦੇ ਵਾਧੇ ਨਾਲ 19,765.20 ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
