ਨਵੀਂ ਦਿੱਲੀ, 13 ਦਸੰਬਰ (ਹਿ.ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਦਬਾਅ ਦੀ ਸਥਿਤੀ ਨਜ਼ਰ ਆ ਰਹੀ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ। ਪਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਦੀ ਚਾਲ ’ਚ ਗਿਰਾਵਟ ਆਈ। ਕਾਰੋਬਾਰ ਦੌਰਾਨ 10:50 ਵਜੇ ਤੱਕ ਸੈਂਸੈਕਸ 323.83 ਅੰਕ ਭਾਵ 0.47 ਫੀਸਦੀ ਗਿਰਾਵਟ ਨਾਲ 69,227.20 ਅੰਕ ’ਤੇ ਅਤੇ ਨਿਫਟੀ 95.95 ਅੰਕ 0.46 ਫੀਸਦੀ ਗਿਰਾਵਟ ਨਾਲ 20,810.45 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਕਾਰੋਬਾਰ ਦੇ ਪਹਿਲੇ ਇਕ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਐੱਨ.ਟੀ.ਪੀ.ਸੀ., ਹੀਰੋ ਮੋਟੋਕਾਰਪ, ਪਾਵਰ ਗਰਿੱਡ ਕਾਰਪੋਰੇਸ਼ਨ, ਆਈਸ਼ਰ ਮੋਟਰਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 2.10 ਫੀਸਦੀ ਤੋਂ 0.65 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੀਸੀਐੱਸ, ਐੱਚਡੀਐੱਫਸੀ ਲਾਈਫ, ਇੰਫੋਸਿਸ, ਟੈਕ ਮਹਿੰਦਰਾ ਅਤੇ ਐਕਸਿਸ ਬੈਂਕ ਦੇ ਸ਼ੇਅਰ 2.07 ਤੋਂ 1.37 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 13 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 17 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 21 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 29 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 97.53 ਅੰਕਾਂ ਦੇ ਵਾਧੇ ਨਾਲ 69,648.56 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਤੋਂ ਕੁਝ ਦੇਰ ਬਾਅਦ ਹੀ ਮੁਨਾਫਾ ਬੁਕਿੰਗ ਸ਼ੁਰੂ ਹੋ ਗਈ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਲਗਾਤਾਰ ਘਟਦੀ ਰਹੀ। ਹਾਲਾਂਕਿ ਖਰੀਦਦਾਰਾਂ ਨੇ ਰੁਕ-ਰੁਕ ਕੇ ਖਰੀਦਦਾਰੀ ਕਰਕੇ ਇਸ ਸੂਚਕਾਂਕ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ 69,267.74 ਅੰਕਾਂ ਦੇ ਪੱਧਰ ‘ਤੇ ਡਿੱਗ ਗਿਆ।
ਸੈਂਸੈਕਸ ਵਾਂਗ ਐੱਨਐੱਸਈ ਨਿਫਟੀ ਨੇ ਵੀ ਅੱਜ 23.35 ਅੰਕਾਂ ਦੇ ਵਾਧੇ ਨਾਲ 20,929.75 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ ਲਗਾਤਾਰ ਡਿੱਗਦਾ ਰਿਹਾ। ਹਾਲਾਂਕਿ, ਖਰੀਦਦਾਰ ਵੀ ਕਦੇ-ਕਦਾਈਂ ਖਰੀਦ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਇਸ ਦੇ ਬਾਵਜੂਦ ਵਿਕਰੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਕੁਝ ਹੀ ਸਮੇਂ ‘ਚ ਸੂਚਕਾਂਕ ਸ਼ੁਰੂਆਤੀ ਪੱਧਰ ਤੋਂ 100 ਤੋਂ ਜ਼ਿਆਦਾ ਅੰਕ ਡਿੱਗ ਕੇ 20,819.80 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 377.50 ਅੰਕ ਜਾਂ 0.54 ਫੀਸਦੀ ਦੀ ਕਮਜ਼ੋਰੀ ਨਾਲ 69,551.03 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 90.70 ਅੰਕ ਜਾਂ 0.43 ਫੀਸਦੀ ਡਿੱਗ ਕੇ 20,906.40 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
