
ਨਵੀਂ ਦਿੱਲੀ, 01 ਨਵੰਬਰ (ਹਿ.ਸ.)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਬੁੱਧਵਾਰ ਸਵੇਰੇ ਸ਼੍ਰੀਲੰਕਾ ਪਹੁੰਚੀ। ਸੀਤਾਰਮਨ ਦਾ ਕੋਲੰਬੋ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸ਼੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਵਿੱਤ ਮੰਤਰਾਲੇ ਨੇ ‘ਐਕਸ’ ਪੋਸਟ ‘ਤੇ ਕਿਹਾ ਕਿ ਵਿੱਤ ਮੰਤਰੀ ਸੀਤਾਰਮਨ ਅੱਜ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਸ਼੍ਰੀਲੰਕਾ ਪਹੁੰਚ ਗਏ ਹਨ। ਕੋਲੰਬੋ ਦੇ ਕਟੂਨਾਇਕੇ ਹਵਾਈ ਅੱਡੇ ‘ਤੇ ਸ਼੍ਰੀਲੰਕਾ ਦੇ ਜਲ ਸਪਲਾਈ ਅਤੇ ਸੰਪੱਤੀ ਬੁਨਿਆਦੀ ਢਾਂਚਾ ਵਿਕਾਸ ਮੰਤਰੀ ਜੀਵਨ ਥੋਂਡਾਮਨ ਨੇ ਸੀਤਾਰਮਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਤੇ ਪੂਰਬੀ ਸੂਬੇ ਦੇ ਗਵਰਨਰ ਸੇਂਥਿਲ ਥੋਂਡਾਮਨ, ਵਿਦੇਸ਼ ਰਾਜ ਮੰਤਰੀ ਥਰਕਾ ਬਾਲਾਸੂਰੀਆ ਅਤੇ ਸੰਸਦ ਮੈਂਬਰ ਮਾਰੂਥਪਾਂਡੀ ਰਾਮੇਸ਼ਵਰਨ ਮੌਜੂਦ ਸਨ।
ਮੰਤਰਾਲੇ ਮੁਤਾਬਕ ਇਸ ਦੌਰੇ ਦੌਰਾਨ ਸੀਤਾਰਮਨ ਸ਼੍ਰੀਲੰਕਾ ‘ਚ ਭਾਰਤੀ ਮੂਲ ਦੇ ਤਾਮਿਲਾਂ ਦੀ ਆਮਦ ਦੇ 200 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸ਼੍ਰੀਲੰਕਾ ਸਰਕਾਰ ਵੱਲੋਂ ਆਯੋਜਿਤ ‘ਨਾਮ ਟੂ ਹੰਡ੍ਰੇਡ’ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਸਮਾਰੋਹ ‘ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕ੍ਰਮਸਿੰਘੇ ਅਤੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ ਵੀ ਸ਼ਿਰਕਤ ਕਰਨਗੇ। ਵਿੱਤ ਮੰਤਰੀ ਇਸ ਦੌਰੇ ਦੌਰਾਨ ਅਹਿਮ ਗੱਲਬਾਤ ਅਤੇ ਕੂਟਨੀਤਕ ਵਿਚਾਰ-ਵਟਾਂਦਰੇ ਵਿੱਚ ਵੀ ਹਿੱਸਾ ਲੈਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
