ਨਵੀਂ ਦਿੱਲੀ, 10 ਜਨਵਰੀ (ਹਿ.ਸ.)। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਇਤਿਹਾਸ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਹਨ। ਵਾਈਬ੍ਰੈਂਟ ਗੁਜਰਾਤ ਸਮਿਟ 2024 ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੇਕਰ ਮੋਦੀ ਹਨ ਤਾਂ ਇਹ ਸੰਭਵ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿੱਚ 10ਵੇਂ ਵਾਈਬ੍ਰੈਂਟ ਗੁਜਰਾਤ ਸਮਿਟ 2024 ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗੁਜਰਾਤ ਅਤੇ ਵਾਈਬ੍ਰੈਂਟ ਗੁਜਰਾਤ ਸਮਿਟ ‘ਚ ਤੁਹਾਡਾ ਸੁਆਗਤ ਹੈ, ਜੋ ਕਿ ਅੱਜ ਦੁਨੀਆ ਦਾ ਸਭ ਤੋਂ ਵੱਕਾਰੀ ਨਿਵੇਸ਼ਕ ਸੰਮੇਲਨ ਹੈ। ਰਿਲਾਇੰਸ ਇੰਡਸਟਰੀਜ਼ ਗੁਜਰਾਤੀ ਕੰਪਨੀ ਸੀ, ਹੈ ਅਤੇ ਹਮੇਸ਼ਾ ਰਹੇਗੀ। ਇਸਦਾ ਉਦੇਸ਼ 7 ਕਰੋੜ ਗੁਜਰਾਤੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਸਾਲ 2047 ਤੱਕ ਇਕੱਲਾ ਗੁਜਰਾਤ ਹੀ ਤਿੰਨ ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੋਈ ਵੀ ਤਾਕਤ ਭਾਰਤ ਨੂੰ 2047 ਤੱਕ 35 ਟ੍ਰਿਲੀਅਨ ਦੀ ਅਰਥਵਿਵਸਥਾ ਬਣਨ ਤੋਂ ਨਹੀਂ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨਿਵੇਸ਼ਕ ਨਵੇਂ ਭਾਰਤ ਬਾਰੇ ਸੋਚਦੇ ਹਨ ਤਾਂ ਉਹ ਨਵੇਂ ਗੁਜਰਾਤ ਬਾਰੇ ਸੋਚਦੇ ਹਨ। ਸਾਲ 2024 ਦੇ ਦੂਜੇ ਅੱਧ ਵਿੱਚ ਗੁਜਰਾਤ ਵਿੱਚ ਗੀਗਾ ਫੈਕਟਰੀ ਸ਼ੁਰੂ ਕਰਨ ਲਈ ਤਿਆਰ ਹੈ।
ਵਰਨਣਯੋਗ ਹੈ ਕਿ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਤੇ ਦੁਨੀਆ ਦੇ ਕਈ ਹੋਰ ਪ੍ਰਮੁੱਖ ਰਾਜਨੇਤਾ ਅਤੇ ਉਦਯੋਗਿਕ ਨੇਤਾ ਵਾਈਬ੍ਰੈਂਟ ਗੁਜਰਾਤ ਸਮਿਟ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੇ ਨਾਲ ਹੀ ਪੰਕਜ ਪਟੇਲ, ਗੌਤਮ ਅਡਾਨੀ, ਲਕਸ਼ਮੀ ਮਿੱਤਲ ਸਮੇਤ ਹੋਰ ਕਾਰੋਬਾਰੀ ਵੀ ਮੌਜੂਦ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
