ਨਵੀਂ ਦਿੱਲੀ/ਓਸਾਕਾ, 28 ਅਕਤੂਬਰ (ਹਿ. ਸ.)। ਭਾਰਤ ਅਤੇ ਬ੍ਰਿਟੇਨ ਨੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਗੱਲਬਾਤ ਦੀ ਚੱਲ ਰਹੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਇਹ ਸਮੀਖਿਆ ਓਸਾਕਾ ‘ਚ ਹੋਈ। ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਬ੍ਰਿਟੇਨ ਦੇ ਵਪਾਰ ਮੰਤਰੀ ਕੇਮੀ ਬੇਡਨਾਸ਼ ਨੇ ਇਸ ਦੀ ਸਮੀਖਿਆ ਕੀਤੀ।
ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ‘ਐਕਸ’ ਪੋਸਟ ‘ਤੇ ਦਿੱਤੀ ਜਾਣਕਾਰੀ ‘ਚ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਵਪਾਰ ਮੰਤਰੀ ਕੇਮੀ ਬੇਡਨਾਸ਼ ਨਾਲ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ‘ਤੇ ਚੱਲ ਰਹੀ ਗੱਲਬਾਤ ਦੀ ਪ੍ਰਗਤੀ ‘ਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਐੱਫਟੀਏ ‘ਤੇ ਗੱਲਬਾਤ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਵਣਜ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਚਾਹੁੰਦੇ ਹਨ ਕਿ ਇਹ ਗੱਲਬਾਤ ਜਲਦੀ ਮੁਕੰਮਲ ਹੋਵੇ।
ਵਣਜ ਅਤੇ ਉਦਯੋਗ ਮੰਤਰੀ ਦੇ ਅਨੁਸਾਰ, ਪ੍ਰਸਤਾਵਿਤ ਐਫਟੀਏ ਗੱਲਬਾਤ ਨੂੰ ਜਲਦੀ ਪੂਰਾ ਕਰਨ, ਉਤਪਾਦਾਂ ਦੇ ਮੂਲ ਸਥਾਨ ਅਤੇ ਸੇਵਾ ਖੇਤਰ ਦੇ ਨਿਯਮਾਂ ਵਰਗੇ ਮੁੱਦਿਆਂ ‘ਤੇ ਮਤਭੇਦਾਂ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪ੍ਰਸਤਾਵਿਤ ਐੱਫਟੀਏ ਸਮਝੌਤੇ ਦੇ 26 ਅਧਿਆਏ ਹਨ, ਜਿਸ ਵਿੱਚ ਵਸਤੂਆਂ, ਸੇਵਾਵਾਂ, ਨਿਵੇਸ਼ ਅਤੇ ਬੌਧਿਕ ਸੰਪਤੀ ਅਧਿਕਾਰ (ਆਈਪੀਆਰ) ਸ਼ਾਮਲ ਹਨ।
ਵਰਨਣਯੋਗ ਹੈ ਕਿ ਭਾਰਤ ਅਤੇ ਬਰਤਾਨੀਆ ਦਰਮਿਆਨ ਵੱਖਰੇ ਸਮਝੌਤੇ ਵਜੋਂ ਨਿਵੇਸ਼ ਸੰਧੀ ਬਾਰੇ ਵੀ ਗੱਲਬਾਤ ਚੱਲ ਰਹੀ ਹੈ। ਦੋਵਾਂ ਦੇਸ਼ਾਂ ਨੇ ਜਨਵਰੀ 2022 ਵਿਚ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ ਸੀ। ਪਿਛਲੇ ਸਾਲ (24 ਅਕਤੂਬਰ, 2022) ਦੀਵਾਲੀ ਤੱਕ ਇਨ੍ਹਾਂ ਵਾਰਤਾਵਾਂ ਨੂੰ ਪੂਰਾ ਕਰਨ ਦਾ ਟੀਚਾ ਸੀ ਪਰ ਬਰਤਾਨੀਆ ਵਿੱਚ ਬਦਲਦੇ ਸਿਆਸੀ ਘਟਨਾਕ੍ਰਮ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ। ਹਾਲਾਂਕਿ, ਦੋਵੇਂ ਦੇਸ਼ ਐੱਫਟੀਏ ਦੇ ਨਾਲ ਨਾਲ ਇੱਕ ਦੁਵੱਲੀ ਨਿਵੇਸ਼ ਸੰਧੀ ‘ਤੇ ਸਹਿਮਤ ਹੋਣਾ ਚਾਹੁੰਦੇ ਹਨ। ਦੋਵੇਂ ਦੇਸ਼ 2023 ਦੇ ਅੰਤ ਤੱਕ ਮੁਕਤ ਵਪਾਰ ਸਮਝੌਤੇ ਅਤੇ ਨਿਵੇਸ਼ ਸੰਧੀ ‘ਤੇ ਸਹਿਮਤ ਹੋਣ ਦੀ ਉਮੀਦ ਕਰਦੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
