ਨਵੀਂ ਦਿੱਲੀ, 09 ਜਨਵਰੀ (ਹਿ.ਸ.)। ਭਾਰਤ ਅਤੇ ਓਮਾਨ ਦਰਮਿਆਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਅਗਲੇ ਦੌਰ ਦੀ ਗੱਲਬਾਤ 16 ਜਨਵਰੀ ਤੋਂ ਹੋਵੇਗੀ। ਇਸ ਸਮਝੌਤੇ ਨੂੰ ਅਧਿਕਾਰਤ ਤੌਰ ‘ਤੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀਈਪੀਏ) ਦਾ ਨਾਮ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ। ਇਸ ਸਮਝੌਤੇ ‘ਤੇ ਇਸ ਮਹੀਨੇ ਹੀ ਦਸਤਖਤ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਓਮਾਨ, ਭਾਰਤ ਲਈ ਖਾੜੀ ਸਹਿਯੋਗ ਪਰਿਸ਼ਦ (ਜੀਸੀਸੀ) ਦੇਸ਼ਾਂ ਵਿੱਚੋਂ ਤੀਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਹੈ।
ਵਿੱਤੀ ਸਾਲ 2022-23 ਵਿੱਚ ਭਾਰਤ ਅਤੇ ਓਮਾਨ ਵਿਚਕਾਰ ਦੁਵੱਲਾ ਵਪਾਰ 12.39 ਬਿਲੀਅਨ ਅਮਰੀਕੀ ਡਾਲਰ ਸੀ, ਜਦੋਂ ਕਿ ਵਿੱਤੀ ਸਾਲ 2018-19 ਵਿੱਚ ਇਹ 5 ਬਿਲੀਅਨ ਅਮਰੀਕੀ ਡਾਲਰ ਸੀ। ਓਮਾਨ ਨੂੰ ਭਾਰਤ ਦਾ ਨਿਰਯਾਤ ਵਿੱਤੀ ਸਾਲ 2018-19 ਵਿੱਚ 2.25 ਅਰਬ ਅਮਰੀਕੀ ਡਾਲਰ ਤੋਂ ਵੱਧ ਕੇ ਵਿੱਤੀ ਸਾਲ 2022-23 ਵਿੱਚ 4.48 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਵਿੱਤੀ ਸਾਲ 2022-23 ਵਿੱਚ ਓਮਾਨ ਤੋਂ ਭਾਰਤ ਦੀ ਦਰਾਮਦ ਲਗਭਗ 8 ਅਰਬ ਅਮਰੀਕੀ ਡਾਲਰ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
