
ਨਵੀਂ ਦਿੱਲੀ, 23 ਦਸੰਬਰ (ਹਿ. ਸ.)। ਦੇਸ਼ ਲਈ ਆਰਥਿਕ ਮੋਰਚੇ ‘ਤੇ ਚੰਗੀ ਖ਼ਬਰ ਹੈ। ਵਿਦੇਸ਼ੀ ਮੁਦਰਾ ਭੰਡਾਰ ‘ਚ ਲਗਾਤਾਰ ਪੰਜਵੇਂ ਹਫਤੇ ਵਾਧਾ ਹੋਇਆ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 15 ਦਸੰਬਰ ਨੂੰ ਖਤਮ ਹਫਤੇ ‘ਚ 9.112 ਅਰਬ ਡਾਲਰ ਵਧ ਕੇ 615.971 ਅਰਬ ਡਾਲਰ ਰਿਹਾ ਹੈ। ਪਿਛਲੇ ਹਫਤੇ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.816 ਅਰਬ ਡਾਲਰ ਵਧ ਕੇ 606.859 ਅਰਬ ਡਾਲਰ ਹੋ ਰਿਹਾ ਸੀ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਾਰੀ ਅੰਕੜਿਆਂ ‘ਚ ਕਿਹਾ ਗਿਆ ਹੈ ਕਿ 15 ਦਸੰਬਰ ਨੂੰ ਖਤਮ ਹਫਤੇ ‘ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 9.112 ਅਰਬ ਡਾਲਰ ਵਧ ਕੇ 615.971 ਅਰਬ ਡਾਲਰ ਰਿਹਾ ਹੈ। ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਸੰਪਤੀ (ਐੱਫ.ਸੀ.ਏ.) 8.349 ਅਰਬ ਡਾਲਰ ਵਧ ਕੇ 545.048 ਅਰਬ ਡਾਲਰ ‘ਤੇ ਪਹੁੰਚ ਗਿਆ ਹੈ।
ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਸੋਨੇ ਦੇ ਭੰਡਾਰ ਦੀ ਕੀਮਤ 44.6 ਕਰੋੜ ਡਾਲਰ ਵਧ ਕੇ 47.577 ਅਰਬ ਡਾਲਰ ਹੋ ਗਈ। ਸਪੈਸ਼ਲ ਡਰਾਇੰਗ ਰਾਈਟਸ (ਐੱਸਡੀਆਰ) 13. 5 ਕਰੋੜ ਡਾਲਰ ਵਧ ਕੇ 18.323 ਅਰਬ ਡਾਲਰ ਹੋ ਗਿਆ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ‘ਚ ਦੇਸ਼ ਦਾ ਮੁਦਰਾ ਭੰਡਾਰ 18.1 ਕਰੋੜ ਡਾਲਰ ਵਧ ਕੇ 5.023 ਅਰਬ ਡਾਲਰ ਹੋ ਗਿਆ।
ਜ਼ਿਕਰਯੋਗ ਹੈ ਕਿ ਅਕਤੂਬਰ 2021 ਵਿੱਚ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਵੱਲੋਂ ਪਿਛਲੇ ਸਾਲ ਤੋਂ ਗਲੋਬਲ ਘਟਨਾਕ੍ਰਮ ਕਾਰਨ ਪੈਦਾ ਹੋਏ ਦਬਾਅ ਦਰਮਿਆਨ ਰੁਪਏ ਨੂੰ ਬਚਾਉਣ ਲਈ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਕਰਨ ਤੋਂ ਬਾਅਦ ਇਸ ’ਚ ਗਿਰਾਵਟ ਆਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
