ਨਵੀਂ ਦਿੱਲੀ, 30 ਅਕਤੂਬਰ (ਹਿ. ਸ.)। ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਅੱਜ ਦਬਾਅ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ, ਪਰ ਜਿਵੇਂ ਹੀ ਕਾਰੋਬਾਰ ਸ਼ੁਰੂ ਹੋਇਆ ਤਾਂ ਬਿਕਵਾਲੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਸਵੇਰੇ 10 ਵਜੇ ਦੇ ਆਸਪਾਸ ਖਰੀਦਦਾਰਾਂ ਨੇ ਬਾਜ਼ਾਰ ਵਿੱਚ ਮੋਰਚਾ ਸੰਭਾਲਿਆ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਕਾਫੀ ਹੱਦ ਤੱਕ ਉਭਰਨ ਵਿੱਚ ਸਫਲ ਰਹੇ। ਕਾਰੋਬਾਰ ਦੋਰਾਨ 11:15 ਵਜੇ ਤੱਕ ਸੈਂਸੈਕਰ 107.91 ਅੰਕ ਭਾਵ 0.17 ਫੀਸਦੀ ਦੀ ਮਜ਼ਬੂਤੀ ਨਾਲ 63,870.71 ਅੰਕ ’ਤੇ ਅਤੇ ਨਿਫਟੀ 25.50 ਅੰਕ ਭਾਵ 0.13 ਫੀਸਦੀ ਦੀ ਮਜ਼ਬੂਤੀ ਨਾਲ 19,072.75 ਅੰਕ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਬੀਐੱਸਈ ਦਾ ਸੈਂਸੈਕਸ ਅੱਜ 102.76 ਅੰਕਾਂ ਦੇ ਵਾਧੇ ਨਾਲ 63,885.56 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ‘ਚ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਇਹ ਸੂਚਕਾਂਕ ਲਗਭਗ 350 ਅੰਕ ਡਿੱਗ ਕੇ 63,431.45 ਅੰਕ ਦੇ ਪੱਧਰ ‘ਤੇ ਆ ਗਿਆ। ਹਾਲਾਂਕਿ ਬਾਅਦ ’ਚ ਖਰੀਦਦਾਰੀ ਹੁੰਦੀ ਵੀ ਨਜ਼ਰ ਆਈ। ਸੈਂਸੈਕਸ ਵਾਂਗ ਐੱਨਐੱਸਈ ਨਿਫਟੀ ਨੇ ਵੀ 6.15 ਅੰਕਾਂ ਦੇ ਮਾਮੂਲੀ ਵਾਧੇ ਨਾਲ 19,053.40 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 100 ਅੰਕਾਂ ਤੋਂ ਵੱਧ ਡਿੱਗ ਕੇ 18,940 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਪਰ ਬਾਅਦ ’ਚ ਬਾਜ਼ਾਰ ਵਿੱਚ ਖਰੀਦਦਾਰੀ ਸ਼ੁਰੂ ਹੋਣ ਕਾਰਨ ਇਹ ਸੂਚਕਾਂਕ ਵੀ ਹੇਠਲੇ ਪੱਧਰ ਤੋਂ ਕਾਫੀ ਹੱਦ ਤੱਕ ਸੁਧਰ ਗਿਆ।
ਕਾਰੋਬਾਰ ਦੇ ਸ਼ੁਰੂਆਤੀ ਇਕ ਘੰਟੇ ‘ਚ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਸਿਪਲਾ, ਰਿਲਾਇੰਸ ਇੰਡਸਟਰੀਜ਼, ਬੀਪੀਸੀਐੱਲ, ਅਲਟਰਾਟੈੱਕ ਸੀਮੈਂਟ ਅਤੇ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 2.32 ਫੀਸਦੀ ਤੋਂ 1.23 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਐਕਸਿਸ ਬੈਂਕ, ਮਾਰੂਤੀ ਸੁਜ਼ੂਕੀ ਅਤੇ ਐਨਟੀਪੀਸੀ ਦੇ ਸ਼ੇਅਰ 2.53 ਤੋਂ 1.50 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 10 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 20 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 20 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 30 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 634.65 ਅੰਕ ਭਾਵ 1.01 ਫੀਸਦੀ ਦੇ ਵਾਧੇ ਨਾਲ 63,782.80 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 190 ਅੰਕ ਜਾਂ 1.01 ਫੀਸਦੀ ਦੀ ਛਾਲ ਮਾਰ ਕੇ 19,047.25 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
