ਨਵੀਂ ਦਿੱਲੀ, 12 ਦਸੰਬਰ (ਹਿ. ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਸ਼ੁਰੂਆਤੀ ਵਾਧੇ ਤੋਂ ਬਾਅਦ ਗਿਰਾਵਟ ਦਾ ਸਿਲਸਿਲਾ ਬਣਿਆ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਆਲ ਟਾਈਮ ਹਾਈ ਓਪਨਿੰਗ ਦੇ ਨਵੇਂ ਰਿਕਾਰਡ ਦੇ ਨਾਲ ਹੋਈ। ਪਹਿਲੀ ਵਾਰ ਸੈਂਸੈਕਸ ਨੇ 70 ਹਜ਼ਾਰ ਅੰਕਾਂ ਦੇ ਉੱਪਰ ਅਤੇ ਨਿਫਟੀ ਨੇ 21 ਹਜ਼ਾਰ ਅੰਕਾਂ ਤੋਂ ਉੱਪਰ ਕਾਰੋਬਾਰ ਕਰਨਾ ਸ਼ੁਰੂ ਕੀਤਾ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ‘ਚ ਹੀ ਮੁਨਾਫਾ ਬੁਕਿੰਗ ਦੇ ਦਬਾਅ ਕਾਰਨ ਇਨ੍ਹਾਂ ਦੋਵਾਂ ਸੂਚਕਾਂਕ ਦੀ ਗਤੀ ‘ਚ ਲਗਾਤਾਰ ਉਤਰਾਅ-ਚੜ੍ਹਾਅ ਆ ਰਹੇ ਹਨ। ਕਾਰੋਬਾਰ ਦੌਰਾਨ 11:40 ਵਜੇ ਤੱਕ ਸੈਂਸੈਕਸ 42.77 ਅੰਕ ਭਾਵ 0.061 ਫੀਸਦੀ ਦੀ ਗਿਰਾਵਟ ਨਾਲ 69885.76 ਅੰਕ ’ਤੇ ਅਤੇ ਨਿਫਟੀ 4.95 ਅੰਕ ਭਾਵ 0.024 ਫੀਸਦੀ ਦੀ ਮਜ਼ਬੂਤੀ ਨਾਲ 21,002.05 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਡਾ. ਰੈੱਡੀਜ਼ ਲੈਬਾਰਟਰੀਜ਼, ਐੱਚ.ਡੀ.ਐੱਫ.ਸੀ. ਲਾਈਫ, ਬਜਾਜ ਆਟੋ, ਹੀਰੋ ਮੋਟੋਕਾਰਪ ਅਤੇ ਟੀਸੀਐੱਸ ਦੇ ਸ਼ੇਅਰ 2.38 ਫੀਸਦੀ ਤੋਂ 1.38 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬੀਪੀਸੀਐਲ, ਲਾਰਸਨ ਐਂਡ ਟੂਬਰੋ, ਆਇਸ਼ਰ ਮੋਟਰਜ਼, ਭਾਰਤੀ ਏਅਰਟੈੱਲ ਅਤੇ ਕੋਲ ਇੰਡੀਆ ਦੇ ਸ਼ੇਅਰ 3.39 ਤੋਂ 0.68 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 18 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 12 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 33 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 17 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀ. ਐੱਸ. ਈ. ਸੈਂਸੈਕਸ ਅੱਜ 92.15 ਅੰਕਾਂ ਦੀ ਛਾਲ ਮਾਰਕੇ 70,020.68 ਅੰਕਾਂ ‘ਤੇ ਖੁੱਲ੍ਹਿਆ, ਜਿਸ ਨਾਲ ਨਵਾਂ ਸ਼ੁਰੂਆਤੀ ਰਿਕਾਰਡ ਬਣਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰ ਅਤੇ ਵੇਚਣ ਵਾਲਿਆਂ ਨੇ ਬਾਜ਼ਾਰ ‘ਚ ਇਕ-ਦੂਜੇ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਲਗਾਤਾਰ ਉਤਰਾਅ-ਚੜ੍ਹਾਅ ਦੇਖੀ ਗਈ। ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ 70,033.64 ਅੰਕਾਂ ‘ਤੇ ਪਹੁੰਚ ਗਿਆ, ਜਦੋਂ ਕਿ ਵਿਕਰੀ ਦੇ ਦਬਾਅ ਕਾਰਨ ਇਹ 69,889.24 ਅੰਕਾਂ ਦੇ ਪੱਧਰ ‘ਤੇ ਡਿੱਗ ਗਿਆ।
ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਨੇ ਵੀ ਅੱਜ 21.45 ਅੰਕਾਂ ਦੇ ਵਾਧੇ ਨਾਲ 21,018.55 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਿਸ ਨਾਲ ਸਭ ਤੋਂ ਉੱਚੀ ਸ਼ੁਰੂਆਤ ਦਾ ਰਿਕਾਰਡ ਬਣਾਇਆ ਗਿਆ। ਜਿਵੇਂ ਹੀ ਬਜ਼ਾਰ ਖੁੱਲ੍ਹਿਆ, ਖਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਕਾਰਨ ਇਸ ਸੂਚਕਾਂਕ ਦੀ ਗਤੀ ਵੀ ਉੱਪਰ-ਨੀਚੇ ਜਾਣ ਲੱਗੀ। ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ 21,037.90 ਅੰਕਾਂ ਦੀ ਛਾਲ ਮਾਰ ਗਿਆ, ਜਦੋਂ ਕਿ ਵਿਕਰੀ ਦੇ ਦਬਾਅ ਕਾਰਨ ਇਹ 20,997.45 ਅੰਕਾਂ ਦੇ ਪੱਧਰ ‘ਤੇ ਆ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 102.93 ਅੰਕ ਜਾਂ 0.15 ਫੀਸਦੀ ਦੇ ਵਾਧੇ ਨਾਲ 69,928.53 ਅੰਕ ਦੇ ਪੱਧਰ ‘ਤੇ ਅਤੇ ਨਿਫਟੀ 27.70 ਅੰਕ ਜਾਂ 0.13 ਫੀਸਦੀ ਦੀ ਛਲਾਂਗ ਮਾਰ ਕੇ 20,997.10 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
