ਨਵੀਂ ਦਿੱਲੀ, 24 ਨਵੰਬਰ (ਹਿ.ਸ.)। ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਗਰੀਬ ਔਰਤਾਂ, ਕਿਸਾਨਾਂ ਅਤੇ ਮੱਧਮ ਪੱਧਰ ਦੇ ਉਦਯੋਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐੱਲਐਂਡਟੀ ਫਾਈਨਾਂਸ ਨੇ ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਸਮਝੌਤੇ ਤਹਿਤ ਕੰਪਨੀ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਲੰਬੇ ਸਮੇਂ ਦੇ ਕਰਜ਼ੇ ਵਜੋਂ 12.50 ਕਰੋੜ ਡਾਲਰ ਦੀ ਰਕਮ ਮਿਲੇਗੀ।
ਐਲ ਐਂਡ ਟੀ ਫਾਈਨਾਂਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਲੋਨ ਦੀ ਰਾਸ਼ੀ ਦਾ 40 ਫੀਸਦੀ ਹਿੱਸਾ ਗਰੀਬ ਔਰਤਾਂ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਬਾਕੀ ਬਚੀ 60 ਫੀਸਦੀ ਰਕਮ ਕਮਜ਼ੋਰ ਵਰਗ ਦੇ ਕਿਸਾਨਾਂ ਨੂੰ ਕਰਜ਼ਾ ਦੇਣ ਅਤੇ ਐੱਮਐੱਸਐੱਮਈ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤੀ ਜਾਵੇਗੀ।
ਕੰਪਨੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ 12.50 ਕਰੋੜ ਡਾਲਰ ਦੇ ਲੰਬੇ ਸਮੇਂ ਦੇ ਕਰਜ਼ੇ ਤੋਂ ਇਲਾਵਾ ਕੰਪਨੀ ਦੇ ਹੋਰ ਵਿਕਾਸ ਭਾਈਵਾਲਾਂ ਤੋਂ ਵੀ ਇਹੀ ਰਕਮ ਮਿਲੇਗੀ। ਇਸ ਤਰ੍ਹਾਂ ਕੰਪਨੀ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਗਰੀਬ ਔਰਤਾਂ, ਕਿਸਾਨਾਂ ਅਤੇ ਐੱਮਐੱਸਐੱਮਈ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗੀ। ਐੱਲ ਐਂਡ ਟੀ ਫਾਈਨਾਂਸ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਲੰਬੇ ਸਮੇਂ ਦਾ ਕਰਜ਼ਾ ਕੰਪਨੀ ਦੇ ਸਮਾਜਿਕ ਜ਼ਿੰਮੇਵਾਰੀ ਦੇ ਮੂਲ ਸਿਧਾਂਤਾਂ ਲਈ ਬਹੁਤ ਮਦਦਗਾਰ ਹੋਵੇਗਾ। ਇਸ ਨਾਲ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿੱਤੀ ਪਾੜੇ ਨੂੰ ਦੂਰ ਕਰਨ ਵਿੱਚ ਕਾਫੀ ਮਦਦ ਮਿਲੇਗੀ।ਇਸਦੇ ਨਾਲ ਹੀ ਦੇਸ਼ ਵਿੱਚ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਬੜ੍ਹਾਵਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ। ਐੱਲ ਐਂਡ ਟੀ ਫਾਈਨਾਂਸ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਇਸਦੇ ਵਿਕਾਸ ਭਾਈਵਾਲਾਂ ਤੋਂ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਾਈਕ੍ਰੋ ਲੋਨ ਦੇ ਨਾਲ-ਨਾਲ ਖੇਤੀਬਾੜੀ ਉਪਕਰਣਾਂ ਦੇ ਕਰਜ਼ਿਆਂ ਲਈ ਕਰੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
